ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸ ਮੈਡਮ ਵੀਨਸ ਗਰਗ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਬਾਲ ਭਲਾਈ ਕੌਂਸਲ ਪੰਜਾਬ ਅਧੀਨ ਸ਼ਹਿਰ ਵਿੱਚ ਚਲਾਏ ਜਾ ਰਹੇ ਆਂਗਨਵਾੜੀ ਵਰਕਰਜ਼ ਟ੍ਰੇਨਿੰਗ ਸੈਂਟਰ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਟ੍ਰੇਨਿੰਗ ਲੈ ਰਹੀਆਂ ਲੜਕੀਆਂ ਨੂੰ ਫ਼ਸਟ ਏਡ ਅਤੇ ਸਿਹਤ ਸੰਭਾਲ ਦੀ ਜਾਣਕਾਰੀ ਦੇਣ ਹਿੱਤ ਇੱਕ ਲੈੱਕਚਰ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਰਿਟਾਇਰਡ ਮੁੱਖ ਮਹਿਮਾਨ ਵਜੋਂ ਪਹੁੰਚੇ। ਰਿਸੋਰਸ ਪਰਸਨ ਵਜੋਂ ਸੇਂਟ ਜਾਨ ਕੇਂਦਰ ਦੇ ਫ਼ਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਸਿਹਤ ਸੰਭਾਲ ਅਤੇ ਮੁੱਢਲੀ ਸਹਾਇਤਾ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ। ਸਥਾਨਕ ਪਾਵਰ ਹਾਊਸ ਰੋਡ ਨੇੜੇ 100 ਫੁੱਟੀ ਰੋਡ ‘ਤੇ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰ ਦੇ ਇੰਚਾਰਜ ਮੈਡਮ ਕੁਲਦੀਪ ਕੌਰ ਦੇ ਉਦੱਮ ਸਦਕਾ ਆਯੋਜਿਤ ਕੀਤੇ ਗਏ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਲੜਕੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਰੈੱਡ ਕਰਾਸ ਦੀ ਹਸਪਤਾਲ ਭਲਾਈ ਸ਼ਾਖਾ ਸਿਹਤ ਦੀ ਉਨਤੀ, ਰੋਗਾਂ ਦੀ ਰੋਕਥਾਮ ਅਤੇ ਦੁੱਖ ਕਲੇਸ਼ ਨੂੰ ਘੱਟ ਕਰਨ ਦੇ ਆਪਣੇ ਉਦੇਸ਼ਾਂ ਤਹਿਤ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਉਹਨਾਂ ਟ੍ਰੇਨਿੰਗ ਲੈ ਰਹੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸਿਹਤ ਸੰਭਾਲ ਦੇ ਨਾਲ-ਨਾਲ ਆਪਣੀ ਅਤੇ ਪਰਿਵਾਰ ਦੀ ਸਿਹਤ-ਸੰਭਾਲ ਵੀ ਕਰਨ। ਟ੍ਰੇਨਰ ਨਰੇਸ਼ ਪਠਾਣੀਆ ਨੇ ਵਰਕਰਜ਼ ਨੂੰ ਫਸਟ ਏਡ ਦੀ ਜਾਣਕਾਰੀ ਦੇਣ ਤੋਂ ਇਲਾਵਾ ਬੱਚਿਆਂ ਵਿੱਚ ਦਸਤ ਉਲਟੀਆਂ ਲੱਗ ਜਾਣ ਸਮੇਂ ਓਆਰਐੱਸ ਘੋਲ ਪਿਲਾਉਣ, ਖ਼ੂਨ ਦੀ ਕਮੀਂ ਦੂਰ ਕਰਨ ਲਈ ਲੋੜੀਂਦੀ ਖ਼ੁਰਾਕ ਲੈਣ ਅਤੇ ਸਿਹਤ ਸੰਭਾਲ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਿੱਤੀ। ਸੈਂਟਰ ਦੇ ਇੰਚਾਰਜ ਮੈਡਮ ਕੁਲਦੀਪ ਕੌਰ ਨੇ ਆਂਗਣਵਾੜੀ ਵਰਕਰਜ਼ ਲੜਕੀਆਂ ਨੂੰ ਅਪੀਲ ਕੀਤੀ ਕਿ ਫ਼ਸਟ ਏਡ ਦੇ ਇਸ ਗਿਆਨ ਲੈਣ ਦਾ ਫਿਰ ਹੀ ਫਾਇਦਾ ਹੈ ਜੇਕਰ ਇਸ ਨਾਲ ਐਮਰਜੰਸੀ ਮੌਕੇ ਕਿਸੇ ਦੀ ਮੱਦਦ ਕੀਤੀ ਜਾਵੇ। ਉਹਨਾਂ ਦੱਸਿਆ ਕਿ ਆਂਗਨਵਾੜੀ ਵਰਕਰ ਦੀ ਸਿਖਲਾਈ ਲੈ ਰਹੀਆਂ ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਕੇਂਦਰ ਵੱਲੋਂ ਸਮੇਂ-ਸਮੇਂ ਸਿਰ ਅਜਿਹੇ ਲੈੱਕਚਰ ਸੈਸ਼ਨਜ਼ ਦਾ ਆਯੋਜਨ ਕੀਤਾ ਜਾਂਦਾ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media