ਇਕ ਸਾਲ ਵਿਚ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾਉਣ ਦਾ ਕੀਤਾ ਐਲਾਨ
ਅੰਮ੍ਰਿਤਸਰ, 5 ਦਸੰਬਰ (ਗੁਰਚਰਨ ਸਿੰਘ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਅੰਮ੍ਰਿਤਸਰ ਸ਼ਹਿਰ ਦੀ ਪੂਰਣ ਕਾਇਆ-ਕਲਪ ਕੀਤੀ ਜਾਵੇਗੀ ਅਤੇ ਦਸੰਬਰ 2016 ਤੱਕ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋ-ਤਿੰਨ ਮਹੀਨਿਆਂ ਵਿਚ ਸ਼ਹਿਰ ਦੇ ਬੁਨਿਆਦੀ ਢਾਂਚੇ ਵਿਚ ਇਕ ਅਣਕਿਆਸਿਆਂ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਇਸ ਨੂੰ ਭੀੜ ਅਤੇ ਟ੍ਰੈਫਿਕ ਜਾਮ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਚੌੜੀਆਂ ਸੜਕਾਂ ਅਤੇ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਚੱਲ ਰਹੇ ਜ਼ਿਆਦਾਤਰ ਵਿਕਾਸ ਪ੍ਰੋਜੈਕਟ ਅਗਲੇ ਸਾਲ ਦੇ ਅੱਧ ਤੱਕ ਪੂਰੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਦਾ ਕੰਮ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਕੁਝ ਮਹੀਨਿਆਂ ਤੱਕ ਇਹ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰੋਜੈਕਟ ਰਾਹੀਂ ਸੜਕਾਂ ਨੂੰ ਚੌੜਾ ਕਰਕੇ ਇਕ ਖਾਸ ਲੇਨ ਸਿਰਫ ਬੱਸਾਂ ਲਈ ਰਾਖਵੀਂ ਰੱਖੀ ਜਾਵੇਗੀ।
ਉੱਪ ਮੁੱਖ ਮੰਤਰੀ ਨੇ ਸ਼ਹਿਰ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਫਸਰਾਂ ਨਾਲ ਜਾ ਕੇ ਉਨ੍ਹਾਂ ਥਾਂਵਾਂ ਦਾ ਨਿਰੀਖਣ ਵੀ ਕੀਤਾ ਜਿੱਥੇ-ਜਿੱਥੇ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਸਮੇਂ ਸਿਰ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਕੁਆਲਿਟੀ ਨਾਲ ਵੀ ਕੋਈ ਸਮਝੌਤਾ ਨਾ ਕੀਤਾ ਜਾਵੇ। ਸ. ਬਾਦਲ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਨਿਰਮਾਣਅਧੀਨ ‘ਅਰਬਨ ਹਾਟ’ ਦਾ ਦੌਰਾ ਵੀ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸਦਾ ਕੰਮ ਅਪ੍ਰੈਲ 2016 ਤੱਕ ਪੂਰਾ ਹੋ ਜਾਵੇਗਾ ਅਤੇ ਇੱਥੇ ਅੰਮ੍ਰਿਤਸਰ ਦੇ ਲਜ਼ੀਜ਼ ਖਾਣਿਆਂ ਦਾ ਆਨੰਦ ਉਠਾਉਣ ਤੋਂ ਇਲਾਵਾ ਸ਼ਹਿਰ ਦਾ ਹੱਥੀਂ ਬਣਿਆਂ ਸਾਮਾਨ ਮਿਲਿਆ ਕਰੇਗਾ। ਮਨੋਰੰਜਨ ਦਾ ਵੀ ਇੱਥੇ ਪੂਰਾ ਪ੍ਰਬੰਧ ਰਹੇਗਾ। ਸ਼ਹਿਰ ਦੇ ਬਿਲਕੁਲ ਵਿਚਕਾਰ ਗੁਰੁ ਤੇਗ ਬਹਾਦੁਰ ਹਸਪਤਾਲ ਕੰਪਲੈਕਸ ਦੇ ਸਾਹਮਣੇ ‘ਅਰਬਨ ਹਾਟ’ ਵਿਚ ਉਪਰੋਕਤ ਕੰਮ ਸ਼ੁਰੂ ਕਰਨ ਲਈ ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸ. ਬਾਦਲ ਨੇ ਅੰਮ੍ਰਿਤਸਰ ਸ਼ਹਿਰ ਦੇ ਦਾਖਲਾ ਗੇਟ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ ਜਿਸ ਦੇ ਕਿ 2016 ਦੇ ਅੱਧ ਤੱਕ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਉੱਪ ਮੁੱਖ ਮੰਤਰੀ ਨੂੰ ਦੱਸਿਆ ਕਿ ਦਾਖਲਾ ਗੇਟ ਦੀ ਉਸਾਰੀ ਆਪਣੇ ਅੰਤਿਮ ਚਰਣ ਵਿਚ ਹੈ ਅਤੇ ਬੇਮਿਸਾਲ ਕਾਰੀਗਿਰੀ ਵਾਲਾ ਦਾਖਲਾ ਗੇਟ ਫਰਵਰੀ 2016 ਤੱਕ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਸ. ਬਾਦਲ ਨੇ ਹਾਲ ਗੇਟ ਤੋਂ ਹਰਿਮੰਦਰ ਸਾਹਿਬ ਤੱਕ ਦਿੱਤੀ ਜਾ ਰਹੀ ਵਿਰਾਸਤੀ ਦਿੱਖ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ ਟਾਊਨ ਹਾਲ, ਫੁਹਾਰਾ ਚੌਂਕ, ਭੰਡਾਰੀ ਪੁਲ ਅਤੇ ਸਦਰ ਚੌਂਕ ਨਜ਼ਦੀਕ ਚੱਲ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਵੀ ਉਨ੍ਹਾਂ ਜਾਣਕਾਰੀ ਹਾਸਲ ਕੀਤੀ। ਸ. ਬਾਦਲ ਨੇ ਪੰਜਾਬ ਐਗਰੋ ਇੰਡਸਟਰੀਜ਼ ਦੇ ਸਾਬਕਾ ਵਾਈਸ ਚੇਅਰਮੈਨ ਸ੍ਰੀ ਗੁਰਪ੍ਰਤਾਪ ਸਿੰਘ ਟਿੱਕਾ ਨਾਲ ਜਾ ਕੇ ਸੁਲਤਾਨਵਿੰਡ ਪਿੰਡ ਵਿਖੇ 203 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਸੀਵਰੇਜ ਅਤੇ ਵਾਟਰ ਸਪਲਾਈ ਪ੍ਰੋਜੈਕਟ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਪ੍ਰੋਜੈਕਟ ਨਾਲ ਸੁਲਤਾਨਵਿੰਡ, ਦਬੁਰਜੀ, ਕੋਟ ਮਿੱਤ ਸਿੰਘ, ਖਾਲਸਾ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਵੱਡਾ ਫਾਇਦਾ ਪੁੱਜੇਗਾ। ਇਸ ਦੌਰਾਨ ਉੱਪ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਕਿ ਵਿਕਾਸ ਪ੍ਰੋਜੈਕਟਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾਵੇ ਅਤੇ ਕੁਆਲਿਟੀ ਬਣਾਈ ਰੱਖੀ ਜਾਵੇ।
Punjab Post Daily Online Newspaper & Print Media
