Thursday, April 9, 2026

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਰਾਜ ਪੱਧਰੀ ਖੇਡਾਂ ਵਿੱਚ ਖ਼ਾਸ ਕਾਬਲੀਅਤ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸੇਵਾ, ਰੱਬ ਦੀ ਸੇਵਾ – ਛੀਨਾ

PPN0512201508

ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)- ਸਟੇਟ ਮਿਆਸ-2015 ਦੇ ਵਿਸ਼ੇਸ਼ ਜਰੂਰਤਾਂ ਵਾਲੇ ਜੇਤੂ ਖਿਡਾਰੀਆਂ ਦਾ ਇਨਾਮ ਵੰਡ ਸਮਾਰੋਹ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਰੀਰਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਖਾਸ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਇਨ੍ਹਾਂ ਦੀ ਸਪੈਸ਼ਲ ਬੱਚਿਆਂ ਦੀ ਸੇਵਾ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਬੱਚੇ ਵੀ ਸਮਾਜ ਦਾ ਇਕ ਅੰਗ ਬਣ ਸਕਣ ਤੇ ਇਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਜ਼ਿਲ੍ਹਾ ਸਪੈਸ਼ਲ ਉਲੰਪਿਕ ਐਸੋਸੀਏਸ਼ਨ, ਅੰਮ੍ਰਿਤਸਰ ਦੇ ਚੇਅਰਮੈਨ ਸ: ਗੁਰਮਹਿੰਦਰ ਸਿੰਘ ਜੋ ਕਿ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਹਨ, ਵੱਲੋਂ ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਦੇ ਸਹਿਯੋਗ ਨਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ: ਛੀਨਾ ਨੇ ਕਿਹਾ ਕਿ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਪੂਜਾ, ਰੱਬ ਦੀ ਪੂਜਾ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਵਿਕਾਸ ਦੇ ਨਾਲ-ਨਾਲ ਉਹ ਅਜਿਹੇ ਸਰੀਰਿਕ ਪੱਖੋਂ ਕਮਜ਼ੋਰ ਅਤੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਵੱਲ ਖਾਸ ਧਿਆਨ ਦੇਣ ਤਾਂ ਜੋ ਇਹ ਬੱਚੇ ਆਪਣੇ-ਆਪ ਨੂੰ ਬੋਝ ਨਾ ਮਹਿਸੂਸ ਕਰਦੇ ਹੋਏ ਆਪਣੀ ਕਾਬਲੀਅਤ ਨੂੰ ਉਜਾਗਰ ਕਰ ਸਕਣ।
ਇਸ ਤੋਂ ਪਹਿਲਾਂ ਸ: ਗੁਰਮਹਿੰਦਰ ਸਿੰਘ ਨੇ ਸ: ਛੀਨਾ ਅਤੇ ਪ੍ਰਿੰ: ਭੰਗੂ ਨੂੰ ਬੁੱਕੇ ਭੇਂਟ ਕਰਕੇ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਸਰੀਰਿਕ ਪੱਖੋਂ ਕਿਸੇ ਨਾ ਕਿਸੇ ਤਰ੍ਹਾਂ ਕਮਜ਼ੋਰ ਅਜਿਹੇ ਬੱਚਿਆਂ ਨੂੰ ਸਮਾਜ ਵਿੱਚ ਵਿਚਰਣ ਅਤੇ ਉਨ੍ਹਾਂ ਵਿਚਲੇ ਹੁਨਰ ਦਾ ਸਮਾਜ ਨੂੰ ਅਹਿਸਾਸ ਕਰਵਾਉਣਾ ਐਸੋਸੀਏਸ਼ਨ ਦਾ ਮੁੱਖ ਮਕਸਦ ਹੈ।
ਸਮਾਰੋਹ ਮੌਕੇ ਸ: ਛੀਨਾ ਨੇ ਸ: ਗੁਰਮਹਿੰਦਰ ਸਿੰਘ ਤੇ ਪ੍ਰਿੰ: ਭੰਗੂ ਨਾਲ ਮਿਲ ਕੇ ਪਹਿਲ ਰਿਸੋਰਸ ਸੈਂਟਰ, ਭਗਤ ਪੂਰਨ ਸਿੰਘ ਪਿੰਗਲਵਾੜਾ, ਰੈਡ ਕਰਾਸ ਸਕੂਲ, ਅਗੋਸ਼, ਜਾਗਰਿਤੀ, ਇਬਾਦਤ, ਪਾਥ ਸ਼ੀਕਰ, ਬਿਆਸ ਆਦਿ ਸਕੂਲਾਂ ਦੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਤਗਮੇ ਅਤੇ ਸਰਟੀਫ਼ਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ: ਛੀਨਾ ਨੇ ਪਿੰਗਲਵਾੜਾ ਦੇ 2 ਵਿਦਿਆਰਥੀ ਜੋ ਕਿ ਸਮਰ ਸਪੈਸ਼ਲ ਉਲੰਪਿਕ ਲਾਸ ਏਂਜ਼ਲਸ (ਅਮਰੀਕਾ) ਵਿਖੇ ਸੋਨੇ ਦਾ ਤਮਗਾ ਹਾਸਲ ਕਰਕੇ ਸਨ, ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਆਖਰ ਵਿੱਚ ਸਰਵ ਸਿੱਖਿਆ ਅਭਿਆਨ ਤੋਂ ਜ਼ਿਲ੍ਹਾ ਕੋਆਰਡੀਨੇਟਰ ਸ: ਧਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਤੇ ਉਕਤ ਸਕੂਲਾਂ ਆਏ ਪ੍ਰਿੰਸੀਪਲ, ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ: ਮੰਗਲ ਸਿੰਘ, ਡਾ. ਆਤਮਜੀਤ ਸਿੰਘ, ਸ: ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply