ਪਠਾਨਕੋਟ, 11 ਦਸੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਡੇਅਰੀ ਦੇ ਧੰਦੇ ਨਾਲ ਜੋੜਨ ਅਤੇ ਡੇਅਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿੰਡ ਅਨਿਆਲ ਵਿਖੇ ਡੇਅਰੀ ਵਿਭਾਗ ਪਠਾਨਕੋਟ ਵੱਲੋਂ ਇੱਕ ਦਿਨਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਲੋਕਾਂ ਨੂੰ ਡੇਅਰੀ ਵਿਭਾਗ ਵੱਲੋਂ ਡੇਅਰੀ ਦੇ ਯੂਨਿਟਾਂ ਸਥਾਪਿਤ ਕਰਨ ਲਈ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਡੇਅਰੀ ਦੇ ਧੰਦੇ ਪ੍ਰਤੀ ਪ੍ਰੇਰਿਤ ਕਰਨ ਅਤੇ ਸਿਖਲਾਈ ਦੇਣ ਲਈ ਪਿੰਡ ਸੋਲੀ ਭੋਲੀ ਵਿੱਚ ਪੈਂਦੇ ਆਤਮਾ ਫਾਰਮਰ ਸਕੂਲ ਵਿਖੇ 21 ਦਸੰਬਰ ਤੋਂ ਡੇਅਰੀ ਵਿਭਾਗ ਵੱਲੋਂ ਟ੍ਰੇਨਿੰਗ ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਟ੍ਰੇਨਿੰਗ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਡਾ. ਰੋਹਿਤ ਵੈਟਨਰੀ ਅਫ਼ਸਰ ਬਮਿਆਲ ਨੇ ਪਸ਼ੂਆਂ ਦੀਆਂ ਬਿਮਾਰੀਆਂ ਤੇ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਸ. ਸੁਰਜੀਤ ਸਿੰਘ ਮੈਨੇਜਰ ਮਿਲਕਫੈਡ ਨੇ ਚਾਰੇ, ਖੁਰਾਕ ਬਾਰੇ, ਸਾਫ਼ ਦੁੱਧ ਦੀ ਮਹੱਤਤਾ ਬਾਰੇ ਅਤੇ ਦੁੱਧ ਦੇ ਮੰਡੀਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਵੱਲੋਂ ਵਰਤੀ ਜਾਂਦੀ ਫੀਡ ਦੇ ਵੀ ਮੁਫ਼ਤ ਸੈਂਪਲ ਟੈਸਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰੋਹਨ ਕੁਮਾਰ, ਕਰਮ ਪ੍ਰਤਾਪ ਸਿੰਘ, ਜਗਦੀਸ਼ ਅਤੇ ਲੋਕ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media