
ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਵੱਲੋਂ ‘ਪੁਸਤਕ: ਪੜ੍ਹਤ ਤੇ ਪੜਚੋਲ’ ਵਿਚਾਰ ਗੋਸ਼ਟੀ ਅਧੀਨ ਇੱਕ ਕਰਵਾਇਆ ਗਿਆ। ਇਸ ਵਿੱਚ ਪ੍ਰੋ. ਬਿਕਰਜੀਤ ਸਿੰਘ ਸਾਧੂਵਾਲਾ ਨਾਵਲਕਾਰ ਰਾਮ ਸਰੂਪ ਰਿਖੀ ਦੇ ਨਾਵਲ ‘ਮੈਂ ਪ੍ਰਚੰਡ ਭਾਵਾਨੀ’ ਦੇ ਵਿਭਿੰਨ ਪਾਸਾਰਾਂ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਾਵਲ ਜ਼ਿੰਦਗੀ ਦੀ ਸਮੁੱਚਤਾ ਨੂੰ ਪੇਸ਼ ਕਰਨ ਵਾਲੀ ਸਾਹਿਤਕ ਵਿਧਾ ਹੈ। ਰਿਖੀ ਦਾ ਇਹ ਨਾਵਲ ਵਿਸ਼ਵੀਕਰਣ ਦੇ ਪੰਜਾਬੀ ਸਮਾਜ ਉੱਤੇ ਖਾਸ ਤੌਰ ਔਰਤਾਂ ਉੱਪਰ ਪੈ ਰਹੇ ਮਾਰੂ ਪ੍ਰਭਾਵਾਂ ਬਾਰੇ ਪਹਿਲਾ ਨਾਵਲ ਹੈ। ਇਸ ਨਾਵਲ ਵਿੱਚ ਮਹਾਂਭਾਰਤ ਦੇ ਪਾਤਰਾਂ ਦੇ ਨਾਵਾਂ ਨੂੰ ਆਧਾਰ ਬਣਾ ਕੇ ਨਵੇਂ ਅਰਥ ਪ੍ਰੋਰੇ ਗਏ ਹਨ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦਾ ਘਾਤਕ ਵਰਤਾਰੇ ਨੇ ਮਨੁੱਖ ਮਨੁੱਖਤਾ ਤੇ ਮਨੁੱਖੀ ਸੰਸਥਾਵਾਂ ਵਿੱਚ ਨਾਂਹ ਪੱਖੀ ਦਖਲਅੰਦਾਜ਼ੀ ਕਰਦਿਆਂ ਮਨੁੱਖੀ ਰਿਸ਼ਤਿਆਂ ਅਤੇ ਭਾਵਨਾਵਾਂ ਦਾ ਬਾਜ਼ਾਰੀਕਰਨ ਕਰ ਦਿੱਤਾ ਹੈ।ਨਾਵਲਕਾਰ ਅਨੁਸਾਰ ਲੋਕ ਲਹਿਰਾਂ ਦੇ ਕਾਮੇ, ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਰਗਰਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ।ਨਾਵਲਕਾਰ ਅਨੁਸਾਰ ਵਿਸ਼ਵੀਕਰਨ ਦੀ ਹਨੇਰੀ ਤੋਂ ਬਚਣ ਦਾ ਤਰੀਕਾ ਸਮੂਹਿਕ ਸੰਘਰਸ਼ ਹੀ ਹੈ।ਇਸ ਮੌਕੇ ਵਿਭਾਗ ਦੇ ਮੁਖੀ ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸ਼ਬਦ ਸਭਿਆਚਾਰ ਨਾਲ ਜੋੜਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਹਰ ਮਹੀਨੇ ‘ਪੁਸਤਕ: ਪੜ੍ਹਤ ਤੇ ਪੜਚੋਲ’ ਅਧੀਨ ਕਿਸੇ ਇੱਕ ਪੁਸਤਕ ਉੱਤੇ ਚਰਚਾ ਕੀਤੀ ਜਾਇਆ ਕਰੇਗੀ। ਕਾਲਜ ਡੀਨ ਡਾ. ਪਵਨ ਕੁਮਾਰ ਗਰਗ ਨੇ ਵਿਭਾਗ ਦੇ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਇਸ ਪ੍ਰੋਗਰਾਮ ਨੂੰ ਨਿਰੰਤਰ ਜਾਰੀ ਰੱਖਣ ਲਈ ਕਿਹਾ।ਅੰਤ ਵਿੱਚ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੋ. ਬਿਕਰਜੀਤ ਸਿੰਘ ਸਾਧੂਵਾਲਾ ਦਾ ਵਿਭਾਗ, ਵਿਦਿਆਰਥੀਆਂ ਅਤੇ ਮੈਨੇਜਮੈਂਟ ਵੱਲੋਂ ਧੰਨਵਾਦ ਕੀਤਾ। ਇਸ ਸਮੇਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।
Punjab Post Daily Online Newspaper & Print Media