
ਸੰਦੌੜ, 16 ਦਸੰਬਰ (ਹਰਮਿੰਦਰ ਸਿੰਘ ਭੱਟ) – ਜ਼ਿਲ੍ਹਾ ਸੰਗਰੂਰ ਦੇ ਸੱਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਮਾਲੇਰਕੋਟਲਾ ਅੰਦਰਲੇ ਭੀੜੇ ਬਜ਼ਾਰਾਂ ‘ਚ ਦੁਕਾਨਦਾਰਾਂ ਵੱਲੋਂ ਸੜਕਾਂ ‘ਤੇ ਕੀਤੇ ਜਾ ਰਹੇ ਨਜ਼ਾਇਜ ਕਬਜ਼ਿਆਂ ਅਤੇ ਕਈ ਦੁਕਾਨਦਾਰਾਂ ਵੱਲੋਂ ਦਿਨ ਵੇਲੇ ਹੀ ਵੱਡੀਆਂ ਢੋਆ-ਢੁਆਈ ਵਾਲੀਆਂ ਗੱਡੀਆਂ ਸੜਕਾਂ ਦੇ ਵਿਚਕਾਰ ਹੀ ਖੜੀਆਂ ਕਰਕੇ ਆਪਣੀਆਂ ਦੁਕਾਨਾਂ ਦੇ ਸਮਾਨ ਦੀ ਕੀਤੀ ਜਾਂਦੀ ਲੋਡਿੰਗ ਕਾਰਨ ਸ਼ਹਿਰ ਦੇ ਕਈ ਬਜ਼ਾਰਾਂ ਦੀਆਂ ਸੜਕਾਂ ‘ਤੇ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ। ਜਿਸ ਬਾਰੇ ਸਬੰਧਤ ਸਿਵਲ ਪ੍ਰਸ਼ਾਸਨਿਕ ਤੇ ਪੁਲਿਸ ਅਮਲੇ ਨੂੰ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਆਮ ਲੋਕਾਂ ਖਾਸਕਰ ਉਕਤ ਬਜ਼ਾਰਾਂ ਦੇ ਬਾਕੀ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲ ਝੱਲਣੀ ਪੈਂਦੀ ਹੈ। ਸ਼ਹਿਰ ਦੇ ਬਾਕੀ ਬਜ਼ਾਰਾਂ ਸਮੇਤ ਮੁਲਤਾਨੀ ਚੌਂਕ ਤੋਂ ਕਾਲਜ ਰੋਡ ਵਾਲੀ ਸੜਕ ਦਾ ਵੀ ਇਹੋ ਹਾਲ ਹੈ, ਇਸ ਸੜਕ ‘ਤੇ ਸਥਿਤ ਸੀਮਿੰਟ ਤੇ ਸਰੀਏ ਦੀਆਂ ਦੁਕਾਨਾਂ ਤੋਂ ਸੀਮਿੰਟ ਦੀ ਢੋਆ-ਢੁਆਈ ਦੌਰਾਨ ਸਾਰਾ ਦਿਨ ਉਡੱਦੇ ਰਹਿੰਦੇ ਸੀਮਿੰਟ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਦਾ ਜਿਥੇ ਜਿਉਣਾ ਦੁੱਭਰ ਹੋਇਆ ਪਿਆ ਹੈ ਉੱਥੇ ਹੀ ਵੱਡੇ-ਵੱਡੇ ਲੰਬੇਂ ਸਰੀਏ ਦੀ ਗੱਡੀਆਂ ‘ਚ ਲੋਡਿੰਗ ਦੌਰਾਨ ਅਕਸਰ ਹੀ ਹਾਦਸੇ ਵਾਪਰਣ ਦਾ ਡਰ ਵੀ ਬਣਿਆ ਰਹਿੰਦਾ ਹੈ। ਮੁਲਤਾਨੀ ਚੌਂਕ ਮਾਰਕੀਟ ਦੇ ਦੁਕਾਨਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਆਗੂ ਜਨਾਬ ਸ਼ਗੀਰ ਹੁਸੈਨ ਜੈਦੀ ਸਮੇਤ ਹੋਰ ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਉੱਪਰ ਸਥਿਤ ਇੱਕ ਸੀਮਿੰਟ ਤੇ ਸਰੀਏ ਦੀ ਦੁਕਾਨ ਤੋਂ ਸਾਰਾ ਦਿਨ ਚਲਦੀ ਰਹਿੰਦੀ ਸੀਮਿੰਟ ਅਤੇ ਸਰੀਏ ਦੀ ਗੱਡੀਆਂ ‘ਚ ਲੋਡਿੰਗ ਦੌਰਾਨ ਜਿਥੇ ਅਕਸਰ ਟ੍ਰੈਫਿਕ ਜਾਮ ਰਹਿੰਦੀ ਹੈ ਉੱਥੇ ਸਾਰਾ ਦਿਨ ਉੱਡਦੇ ਸੀਮਿੰਟ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਦਾ ਸਮਾਨ ਖਰਾਬ ਹੋ ਰਿਹਾ ਹੈ ਅਤੇ ਸਵੇਰੇ ਤਿਆਰ ਹੋ ਕੇ ਆਏ ਦੁਕਾਨਦਾਰਾਂ ਦੇ ਕੱਪੜੇ ਉੱਡਦੇ ਸੀਮਿੰਟ ਕਾਰਨ ਸ਼ਾਮ ਨੂੰ ਇੰਝ ਹੋ ਜਾਂਦੇ ਹਨ ਜਿਵੇਂ ਕਿ ਉਹ ਦੁਕਾਨ ਦੀ ਬਜਾਏ ਕਿਸੇ ਕਾਰਖਾਨੇ ‘ਚ ਕੰਮ ਕਰਕੇ ਆਏ ਹੋਣ। ਦੁਕਾਨਦਾਰਾਂ ਨੇ ਦੱਸਿਆ ਕਿ ਲੋਡਿੰਗ ਦੌਰਾਨ ਉਡੱਦਾ ਸੀਮਿੰਟ ਸਾਹ ਲੈਣ ਨਾਲ ਉਨ੍ਹਾਂ ਦੇ ਅੰਦਰ ਚਲਾ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਲੱਗਣ ਦਾ ਵੀ ਡਰ ਬਣਿਆ ਹੋਇਆ ਹੈ। ਮੁਲਤਾਨੀ ਚੌਂਕ ਮਾਰਕੀਟ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਪੂਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਇਸ ਪਾਸੇ ਧਿਆਨ ਦੇ ਕੇ ਜਿਥੇ ਦੁਕਾਨਦਾਰਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ ਉਥੇ ਹੀ ਇਸ ਸਮੱਸਿਆ ਨੂੰ ਦੂਰ ਕਰਕੇ ਅਕਸਰ ਹੁੰਦੇ ਟ੍ਰੈਫਿਕ ਜਾਮ ਤੋਂ ਆਮ ਲੋਕਾਂ ਨੂੰ ਨਿਜ਼ਾਤ ਦਿਵਾਈ ਜਾਵੇ।
Punjab Post Daily Online Newspaper & Print Media