
ਚੌਂਕ ਮਹਿਤਾ, 18 ਦਸੰਬਰ (ਜੋਗਿੰਦਰ ਸਿੰਘ ਮਾਣਾ )- ਨੌਜ਼ਵਾਨ ਵਰਗ ਨੂੰ ਸਿਆਸੀ ਪਾਰਟੀਆਂ ਆਪਣੇ ਹਿੱਤਾਂ ਖਾਤਿਰ ਰੈਲੀਆਂ, ਧਰਨੇ ਤੇ ਵੋਟ ਦੇ ਰੂਪ ਵਿੱਚ ਵਰਤ ਰਹੀਆਂ ਹਨ। ਇਹ ਵਿਚਾਰ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਪਿਛਲੇ 9 ਸਾਲਾਂ ਤੋਂ ਸੱਤਾ ‘ਚ ਹੈ, ਇਸ ਲਈ ਉਹ ਸਪੱਸ਼ਟ ਕਰੇ ਕਿ ਕਿੰਨ੍ਹੇ ਨੌਜ਼ਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਂ ਉੁਨ੍ਹਾਂ ਦੀ ਰੋਜ਼ੀ ਰੋਟੀ ਦਾ ਪੱਕਾ ਪ੍ਰਬੰਧ ਕੀਤਾ।ਉਨਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਲਾਰੇ ਲੱਪੇ ਲਾ ਕੇ ਆਪਣੇ ਪਿਛੇ ਲਾ ਲੈਂਦੀਆਂ ਹਨ ਅਤੇ ਇੰਨਾਂ ਦੀ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਫਿਰ ਬਹੁਤ ਸਾਰੇ ਸਿਆਸੀ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਦੇ ਦਰਵਾਜ਼ੇ ਬੰਦ ਕਰ ਦਿੰਦੇ ਹਨ।ਪ੍ਰਿੰਸੀਪਲ ਤਰਸਿੱਕਾ ਨੇ ਨੌਜ਼ਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਤੋ ਦੂਰ ਰਹਿਣ ਤੇ ਉਹ ਦੇਸ਼ ਦੀ ਸੇਵਾ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕਰਨ ।
Punjab Post Daily Online Newspaper & Print Media