
ਨਵੀਂ ਦਿੱਲੀ, 28 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਨਟੇਨਰ ਰਾਹੀਂ ਵਿਦੇਸ਼ ‘ਚ ਭੇਜੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਕੰਨਟੇਨਰ ਨੂੰ ਕੁਝ ਨੌਜਵਾਨਾਂ ਵੱਲੋਂ ਜਮੂਨਾਪਾਰ ਸਥਿਤ ਇਕ ਗੁਰਦੁਆਰਾ ਸਾਹਿਬ ‘ਚ ਲੈ ਜਾਏ ਗਏ ਸਰੂਪ ਬੀਤੀ ਰਾਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਦੇ ਹੁਕਮਨਾਮੇ ਤੋਂ ਬਾਅਦ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ ਵਾਪਿਸ ਆ ਗਏ ਹਨ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੈਨੇਡਾ ‘ਚ ਦਿੱਲੀ ਕਮੇਟੀ ਵੱਲੋਂ ਭੇਜੇ ਜਾ ਰਹੇ ਸਰੂਪਾਂ ਨੂੰ ਕੁਝ ਨੌਜਵਾਨਾਂ ਵਲੋਂ ਰੋਕਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਆਪਣੇ ਹੁਕਮਨਾਮੇ ਰਾਹੀਂ 115 ਸਰੂਪ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ ਵਾਪਿਸ ਸ਼ੁਸ਼ੋਭਿਤ ਕਰਨ ਦੇ ਅਗਲੇ ਆਦੇਸ਼ ਤਕ ਹੁਕਮ ਦਿੱਤੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਤੇ ਮਨਮੋਹਨ ਸਿੰਘ ਨੇ ਸਰੂਪ ਵਾਪਿਸ ਗੁਰਦੁਆਰਾ ਰਕਾਬ ਗੰਜ ਸਾਹਿਬ ਪਹੁੰਚਣ ਤੇ ਖੁਸ਼ੀ ਜਾਹਿਰ ਕੀਤੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਮੈਂਬਰਾਂ ਦੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਨੌਜਵਾਨਾਂ ਨਾਲ ਰਾਫ਼ਤਾ ਕਾਇਮ ਕਰਨ ਲਈ ਡਿਉਟੀ ਲਗਾਈ ਗਈ ਸੀ। ਜਦਕਿ ਸੰਗਤਾਂ ‘ਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਾਲੀ ਗੱਡੀ ਨੂੰ ਨੌਜਵਾਨਾਂ ਵਲੋਂ ਅਗਵਾਹ ਕਰਕੇ ਲੈ ਜਾਣ ਤੋਂ ਬਾਅਦ ਗੁੱਸੇ ਦੀ ਲਹਿਰ ਸੀ ਕਿਉਂਕੀ ਗੁਰੂ ਸਾਹਿਬ ਨੂੰ ਅਗਵਾਹ ਕਰਨਾ ਸੰਗਤ ਦੇ ਮੱਤ ਅਨੁਸਾਰ ਇਕ ਬਜੱਰ ਗੁਨਾਹ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਦੇ ਆਦੇਸ਼ ਤੋਂ ਬਾਅਦ ਨੌਜਵਾਨ ਆਪਣਾ ਪੈਰ ਪਿੱਛੇ ਖਿਚਣ ਨੂੰ ਮਜਬੂਰ ਹੋ ਗਏ ਹਨ।
Punjab Post Daily Online Newspaper & Print Media