
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਉਨ੍ਹਾਂ ਦੀ ਨਵੀਂ ਪ੍ਰਾਪਰਟੀ ਐਚ ਕੇ 52, ਰਣਜੀਤ ਐਵਿਨਿਊ ਵਿਖੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਨੁਮਾਇੰਦੇ ਸੀ੍ਰ ਅਰੁਣ ਜੇਤਲੀ ਦੇ ਹੱਕ ਵਿਚ ਇਕ ਪ੍ਰਭਾਵਸ਼ਾਲੀ ਚੋਣ ਇਕੱਤਰਤਾ ਕੀਤੀ ਗਈ ਜਿਸ ਵਿਚ ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਤ੍ਰਿਲ਼ੋਚਨ ਸਿੰਘ, ਸ੍ਰੀ ਨਰੇਸ਼ ਗੁਜਰਾਲ, ਸ: ਮਨਜੀਤ ਸਿੰਘ ਜੀ.ਕੇ., ਸ; ਗੁਰਪ੍ਰਤਾਪ ਸਿੰਘ ਟਿੱਕਾ, ਸ: ਰਾਜਮਹਿੰਦਰ ਸਿੰਘ ਮਜੀਠਾ ਆਦਿ ਉੱਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਪੁੱਜੀਆਂ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗੁਰੁ ਨਗਰੀ ਵਾਸੀਆਂ ਵਲੋਂ ਅਕਾਲੀ ਭਾਜਪਾ ਗਠਜੋੜ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਉਨ੍ਹਾਂ ਦੀ ਯਕੀਨੀ ਜਿੱਤ ਦਾ ਪ੍ਰਤੀਕ ਹੈ ਉਨ੍ਹਾਂ ਹਰੇਕ ਵੋਟਰ ਨੂੰ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਉੱਘੇ ਲੀਡਰ ਸੀ੍ਰ ਅਰੁਣ ਜੇਤਲੀ ਨੂੰ ਵੋਟ ਪਾਉਣ ਅਤੇ ਕੇਂਦਰ ਵਿਚ ਵੀ ਆਪਣੀ ਸਰਕਾਰ ਬਣਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਅਕਾਲੀ ਭਾਜਪਾ ਦੀਆਂ ਪ੍ਰਸ਼ਾਸ਼ਨਿਕ ਨੀਤੀਆਂ ਵਿਚ ਵਿਸ਼ਵਾਸ਼ ਪ੍ਰਗਟ ਕਰਦਿਆਂ ਕਿਹਾ ਕਿ ਗੁਰੁ ਨਗਰੀ ਦੀ ਅਮੀਰ ਵਿਰਾਸਤ ਦੀਆਂ ਨੀਹਾਂ ਤੇ’ ਆਧੁਨਿਕ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ, ਪਾਰਦਰਸ਼ੀ ਪ੍ਰਸ਼ਾਸ਼ਨ ਅਤੇ ਕੇਂਦਰ ਵਿਚ ਗੁਰੂ ਨਗਰੀ ਦੀ ਅਵਾਜ਼ ਬੁਲੰਦ ਕਰਨ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਭਰੋਸੇਯੋਗ ਅਤੇ ਜਿੰਮੇਦਾਰ ਅਗਵਾਈ ਹੇਠ ਸੀ੍ਰ ਅਰੁਣ ਜੇਤਲੀ ਹੀ ਸਹੀ ਅਰਥਾਂ ਵਿਚ ਯੋਗ ਉਮੀਦਵਾਰ ਹਨ। ਉਨ੍ਹਾਂ ਅਕਾਲੀ ਦਲ ਦੀਆਂ ਸੂਝਵਾਨ ਨੀਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਆਪਣੇ ਰਸੂਖ ਸਦਕਾ ਵਿਕਾਸ ਪੱਖਂੋ ਪੰਜਾਬ ਨੂੰ ਹੀ ਨਹੀਂ ਸਗੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਵੀ ਨਵੀਆਂ ਉਚਾਈਆਂ ਤੇ’ ਪਹੁੰਚਾਉਣਗੇ। ਇਸ ਮੌਕੇ ਰੈਜ਼ੀਡੈਂਟ ਪ੍ਰੈਜ਼ੀਡੈਂਟ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਨਾ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਸ: ਹਰਜੀਤ ਸਿੰਘ ਚੱਢਾ, ਸ: ਇੰਦਰਪ੍ਰੀਤ ਸਿੰਘ ਚੱਢਾ ਅਤੇ ਹੋਰ ਚੀਫ ਖਾਲਸਾ ਦੀਵਾਨ ਦੀਆਂ ਹਸਤੀਆਂ ਮੌਜੂਦ ਸਨ।
Punjab Post Daily Online Newspaper & Print Media