
ਬਟਾਲਾ, 1 ਜਨਵਰੀ (ਨਰਿੰਦਰ ਸਿੰਘ ਬਰਨਾਲ)- ਐਸ.ਡੀ.ਐਮ. ਬਟਾਲਾ ਸ੍ਰੀ ਸੌਰਭ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਤੰਗਬਾਜ਼ੀ ਕਰਨ ਲਈ ਪਲਾਸਟਿਕ ਡੋਰ (ਚਾਈਨਾ ਡੋਰ) ਦੀ ਵਰਤੋਂ ਹਰਗਿਜ਼ ਨਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਪਲਾਸਟਿਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਲੋਕਾਂ ਨੂੰ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਇਸ ਮਹਿੰਮ ‘ਚ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹਨ ਅਤੇ ਮਾਪਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਤੰਗਬਾਜ਼ੀ ਕਰਨ ਲਈ ਪਲਾਸਟਿਕ ਡੋਰ ਨਾ ਲੈ ਕੇ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਪਲਾਸਟਿਕ ਡੋਰ ਨਾਲ ਪਤੰਗ ਉਡਾਉਂਦਾ ਹੈ ਤਾਂ ਮਾਪਿਆਂ ਨੂੰ ਆਪਣੇ ਬੱਚੇ ਨੂੰ ਇਸ ਤੋਂ ਵਰਜ਼ਣਾ ਚਾਹੀਦਾ ਹੈ। ਇਸਦੇ ਨਾਲ ਹੀ ਸ੍ਰੀ ਅਰੋੜਾ ਨੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪਲਾਸਟਿਕ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾ ਕੇ ਇਸਦੀ ਵਰਤੋਂ ਨਾ ਕਰਨ ਦੀ ਨਸੀਹਤ ਕਰਨ।
ਸ੍ਰੀ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਲਾਸਟਿਕ ਡੋਰ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਕੋਈ ਵੀ ਦੁਕਾਨਦਾਰ ਪਲਾਸਟਿਕ ਡੋਰ (ਚਾਈਨਾ ਡੋਰ) ਦੀ ਵਿਕਰੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੂੰ ਇਸ ਸਬੰਧੀ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਹੋਈਆਂ ਹਨ ਕਿ ਜੇਕਰ ਕੋਈ ਦੁਕਾਨਦਾਰ ਇਸ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸ੍ਰੀ ਅਰੋੜਾ ਨੇ ਕਿਹਾ ਕਿ ਪਤੰਗਬਾਜ਼ੀ ਲਈ ਪਲਾਸਟਿਕ ਡੋਰ ਦੀ ਵਰਤੋਂ ਬੇਹੱਦ ਖਤਰਨਾਕ ਹੈ ਅਤੇ ਪਲਾਸਟਿਕ ਡੋਰ ਨਾਲ ਕਈ ਜਾਨੀ ਨੁਕਸਾਨ ਦੇ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਜਿਥੇ ਬਿਜਲੀ ਦੀਆਂ ਲਾਈਨਾਂ ‘ਚ ਫਸਣ ਕਾਰਨ ਬਿਜਲੀ ਸਪਲਾਈ ਨੂੰ ਪ੍ਰਭਾਵਤ ਕਰਦੀ ਹੈ ਉਥੇ ਅਸਮਾਨੀ ਉੱਡਦੇ ਪੰਛੀਆਂ ਲਈ ਵੀ ਬੇਹੱਦ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਪਲਾਸਟਿਕ ਡੋਰ ਵਿਰੋਧੀ ਮੁਹਿੰਮ ਨੂੰ ਦਿਨੋਂ-ਦਿਨ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਮਿਲਦਾ ਜਾ ਰਿਹਾ ਹੈ ਅਤੇ ਆਸ ਕੀਤੀ ਜਾ ਸਕਦੀ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਅਸੀਂ ਪਲਾਸਟਿਕ ਡੋਰ ਦੀ ਵਰਤੋਂ ਨੂੰ ਰੋਕਣ ‘ਚ ਜਰੂਰ ਕਾਮਯਾਬ ਹੋਵਾਂਗੇ।
Punjab Post Daily Online Newspaper & Print Media