
ਬਠਿੰਡਾ, 11 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਬਠਿੰਡਾ ਡੀ ਸੀ ਨੂੰ ਆਪਣੀਆਂ ਮੰਗਾਂ, ਮਸਲਿਆਂ ਬਾਰੇ ਇੱਕ ਮੰਗ ਪੱਤਰ ਦਿੱਤਾ ਗਿਆ। ਦੋਹੇ ਜਥੇਬੰਦੀਆਂ ਵੱਲੋਂ ਆਪਣੇ ਮੰਗ ਪੱਤਰ ਵਿੱਚ ਮੰਗ ਕਰਦਿਆਂ ਕਿਹਾ ਕਿ ਕਾਲਾ ਮੁਹੰਮਦ ਤੇ ਹੋਰ ਵਿਦਿਆਰਥੀ ਆਗੂਆਂ ‘ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਸਮੇਤ ਹੋਰ ਵਿਦਿਆਰਥੀ ਆਗੂਆਂ ‘ਤੇ ਦਰਜ ਕੀਤੇ ਗਏ ਮੁਕੱਦਮੇ ਰੱਦ ਕਰਨ, ਲੜਕੀਆਂ ਨੂੰ ਅਗਵਾ ਕਰਨ ਅਤੇ ਚੁੰਨੀਆਂ ਖਿੱਚਣ ਵਾਲੇ ਪੀ ਆਰ ਟੀ ਸੀ ਦੇ ਕੰਡਕਟਰ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ, ਪਿੰਡ ਚੰਨੂੰ ਅਤੇ ਮੱਖੂ ਵਿਖੇ ਦੋ ਮਾਸੂਮ ਲੜਕੀਆਂ ਨੂੰ ਕਤਲ ਕਰਨ ਵਾਲੀ ‘ਨਿਊ ਦੀਪ ਬੱਸ’ ਦੇ ਮਾਲਕ ਤੇ ਅਕਾਲੀ ਡਿੰਪੀ ਢਿੱਲੋਂ ਵਿਰੁੱਧ ਪਰਚਾ ਦਰਜ਼ ਕਰਨ, ਕਾਲਾ ਮੁਹੰਮਦ ਕਾਤਲਾਨਾ ਕੇਸ ਦੇ ਗੁੰਡਿਆਂ ਦੇ ਹਮਾਇਤੀ ਡੀ.ਐਸ.ਪੀ ਫ਼ਰਦੀਕੋਟ ਸੁਖਦੇਵ ਸਿੰਘ ਨੂੰ ਬਰਖ਼ਾਸਤ ਕਰਨ, ਪੀ ਐਸ ਯੂ ਦੇ ਆਗੂਆਂ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਧਾਰਾ 307 ਵਿੱਚ ਲੋੜੀਦੇ ਕਾਂਗਰਸੀ ਗੁੰਡਿਆਂ ਬਿੱਟੂ ਭਲਵਾਨ ਤੇ ਜੱਗੂ ਬਰਾੜ ਅਤੇ ਸਰਕਾਰੀ ਬਰਜਿੰਦਰਾ ਕਾਲਜ਼ ਫ਼ਰੀਦਕੋਟ ਦੇ ਤਿੰਨ ਪ੍ਰੋਫ਼ੈਸਰਾਂ ਨਵਦੀਪ ਸੇਖ਼ਰ, ਪ੍ਰੀਤਮ ਭੰਗੂ ਤੇ ਪਰਮਿੰਦਰ ਸਿੰਘ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਗਈ।
ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾਈ ਆਗੂ ਹਰਦੀਪ ਕੌਰ ਕੋਟਲਾ ਨੇ ਦੱਸਿਆ ਕਿ ਪੀ.ਐਸ.ਯੂ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੂੰ ਤਿੰਨ ਸਾਲ ਪੁਰਾਣੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ ਫ਼ਰੀਦਕੋਟ ਵਿੱਚ ਲੜਕੀਆਂ ਨੂੰ ਅਗਵਾ ਕਰਨ ਤੇ ਉਨ੍ਹਾਂ ਦੀਆਂ ਚੁੰਨੀਆਂ ਖਿੱਚਣ ਵਾਲੇ ਕੰਡਕਟਰ ਸਰੇਆਮ ਅਜੇ ਵੀ ਪੀੜ੍ਹਤਾਂ ਨੂੰ ਧਮਕਾ ਰਹੇ ਹਨ। ਹਰਦੀਪ ਕੌਰ ਕੋਟਲਾ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਵਿਦਿਆਰਥੀ ਆਗੂਆਂ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁੱਖ ਗੁੰਡੇ ਜੱਗੂ ਬਰਾੜ, ਬਿੱਟੂ ਭਲਵਾਨ ਤੇ ਸਰਕਾਰੀ ਬਰਜਿੰਦਰਾਂ ਕਾਲਜ਼ ਦੇ ਉਕਤ ਤਿੰਨ ਪ੍ਰੋਫੈਸਰ ਸ਼ੇਰਆਮ ਘੁੰਮ ਰਹੇ ਹਨ ਜਦੋਂ ਕਿ ਸੂਬਾ ਪ੍ਰਧਾਨ ਰਜਿੰਦਰ ਸਿੰਘ ਦੇ ਮਾਸੂਮ ਬੇਟੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਤੇ ਉਹਨਾਂ ਦੇ ਪਰਿਵਾਰ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਸਰਬਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਣੀ ਕੌਰ, ਗੁਰਮੀਤ ਕੌਰ, ਪੀ ਐਸ ਯੂ ਦੇ ਅਰਜਨ ਸ਼ਰਮਾ, ਜਗਦੇਵ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ। ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਮੰਗਾਂ ਨਾ ਮੰਨਣ ਦੀ ਹਾਲਤ ਵਿੱਚ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜਿੰਮੇਵਾਰ ਬਾਦਲ ਹਕੂਮਤ ਦੀ ਹੋਵੇਗੀ।
Punjab Post Daily Online Newspaper & Print Media