
ਅੰਮ੍ਰਿਤਸਰ, 15 ਜਨਵਰੀ (ਗੁਰਚਰਨ ਸਿੰਘ)- ਜਿਲ੍ਹਾ ਪ੍ਰਸਾਸ਼ਨ ਨੇ ਪੰਜਾਬ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਨਵਜੰਮੇ ਬੱਚਿਆਂ ਨੂੰ ਲੱਗਣ ਵਾਲੇ ਲਾਜ਼ਮੀ ਟੀਕਿਆਂ ਨੂੰ ਯਕੀਨੀ ਬਣਾਉਣ ਲਈ ਮਾਪਿਆਂ ਦੇ ਮੋਬਾਇਲ ਫੋਨਾਂ ‘ਤੇ ਅਗਾਉਂ ਜਾਣਕਾਰੀ ਦੇਣ ਲਈ ਵਿਸ਼ੇਸ਼ ਸਾਫਟਵੇਅਰ ਰਾਹੀਂ ਆਈ-ਸਿਹਤ ਪ੍ਰੋਗਰਾਮ ਲਾਂਚ ਕੀਤਾ ਹੈ, ਜਿਸ ਤਹਿਤ ਜਿਲ੍ਹੇ ਅੰਦਰ 9 ਮਹੀਨਿਆਂ ਤੱਕ ਦੇ 22000 ਦੇ ਕਰੀਬ ਬੱਚਿਆਂ ਦੇ ਮਾਪਿਆਂ ਨੂੰ ਐਸ.ਐਮ.ਐਸ ਰਾਹੀਂ ਟੀਕਾਕਰਨ ਸੁਨੇਹਾ ਭੇਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ‘ਆਈ ਸਿਹਤ’ ਪ੍ਰੋਗਰਾਮ ਨੂੰ ਲਾਂਚ ਕਰਦਿਆਂ ਦੱਸਿਆ ਕਿ ਸੂਬੇ ਅੰਦਰ ਆਪਣੀ ਕਿਸਮ ਦਾ ਇਹ ਪਹਿਲਾ ਅਤੇ ਵਿਲੱਖਣ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ 9 ਮਹੀਨਿਆਂ ਤੱਕ ਦੇ ਕਰੀਬ 22000 ਅਤੇ 5 ਸਾਲ ਤੱਕ ਦੀ ਉਮਰ ਵਾਲੇ ਕਰੀਬ 2 ਲੱਖ ਬੱਚਿਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਆਈ ਸਿਹਤ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਸ੍ਰੀ ਭਗਤ ਨੇ ਦੱਸਿਆ ਕਿ ਸਰਕਾਰ ਵੱਲੋਂ ਟੀਕਿਆਂ ਲਈ ਨਿਸ਼ਚਤ ਕੀਤੇ ਗਏ ਦਿਨ ਬੁੱਧਵਾਰ ਤੋਂ ਇਕ ਦਿਨ ਪਹਿਲਾਂ ਮਾਪਿਆਂ ਦੇ ਮੋਬਾਇਲ ਫੋਨ ਤੇ ਆਈ ਸਿਹਤ ਰਾਹੀਂ ਵਿਸ਼ੇਸ਼ ਐਸ.ਐਮ.ਐਸ ਭੇਜ ਕੇ ਉਨ੍ਹਾਂ ਨੂੰ ਅਗਾਉਂ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਕਾਕਰਨ ਸੁਨੇਹੇ ਵਿੱਚ ਲਾਭਪਾਤਰੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ ਨੇੜਲੇ ਮੁੱਢਲੇ ਸਿਹਤ ਕੇਂਦਰਾਂ ਬਾਰੇ ਵੀ ਦੱਸਿਆ ਜਾਵੇਗਾ।
ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਸ਼ੁਰੂ ਹੋਏ ਇਸ ਪ੍ਰੋਗਰਾਮ ਰਾਹੀਂ ਸਿੱਧਾ ਲਾਭਪਾਤਰੀਆਂ ਦੇ ਮੋਬਾਇਲ ਫੋਨ ਤੇ ਪੰਜਾਬੀ ਭਾਸ਼ਾ ਵਿੱਚ ਐਸ.ਐਮ.ਐਸ ਭੇਜਿਆ ਜਾਵੇਗਾ ਜਦ ਕਿ ਏ.ਐਨ.ਐਮਜ਼. ਆਪਣੇ ਪੱਧਰ ‘ਤੇ ਵੀ ਪਹਿਲਾਂ ਵਾਂਗ ਸੁਨੇਹੇ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਜਲਦ ਹੀ ਪ੍ਰਸ਼ਾਸਨ ਵੱਲੋਂ ‘ਆਈ ਸਿਹਤ’ ਅਧੀਨ ਆਡੀਓ ਕਲਿਪ ਰਾਹੀਂ ਵੀ ਲਾਭਪਾਤਰੀਆਂ ਨੂੰ ਟੀਕਾਕਰਨ ਸੁਨੇਹੇ ਭੇਜੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਮਹੀਨੇ ਵਿੱਚ ਇਹ ਸੁਨੇਹੇ 4 ਵਾਰ ਲਾਭਪਾਤਰੀਆਂ ਨੂੰ ਭੇਜੇ ਜਾਣਗੇ ਅਤੇ ਸੁਨੇਹਿਆਂ ਦੀ ਕੁਲ ਗਿਣਤੀ 2.5 ਲੱਖ ਦੇ ਕਰੀਬ ਹੋਵੇਗੀ।
‘ਆਈ ਸਿਹਤ’ ਪ੍ਰੋਗਰਾਮ ਤਹਿਤ ਲੱਗਣ ਵਾਲੇ ਟੀਕਿਆਂ ਬਾਰੇ ਪੁੱਛੇ ਜਾਣ ‘ਤੇ ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੇ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪੋਲੀਓ, ਖਸਰਾ, ਬੀ.ਸੀ.ਜੀ ਤੋਂ ਇਲਾਵਾ ਸਾਰੇ ਲਾਜਮੀ ਟੀਕੇ ਪ੍ਰੋਗਰਾਮ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਟੀਕਾਕਰਨ ਨੂੰ 100 ਫੀਸਦੀ ਤੱਕ ਲਿਜਾਣ ਲਈ ਇਹ ਪ੍ਰੋਗਰਾਮ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ 95 ਫੀਸਦੀ ਬੱਚੇ ਟੀਕਾਕਰਨ ਤਹਿਤ ਕਵਰ ਕੀਤੇ ਜਾ ਰਹੇ ਹਨ ਅਤੇ ਆਈ ਸਿਹਤ ਰਾਹੀਂ ਭੇਜੇ ਜਾਣ ਵਾਲੇ ਸੁਨੇਹੇ ਰਹਿੰਦੇ 5 ਫੀਸਦੀ ਬੱਚਿਆਂ ਨੂੰ ਵੀ ਕਵਰ ਕਰ ਲੈਣਗੇ। ਸ੍ਰੀ ਭਗਤ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼ੁਰੂ ਕੀਤੇ ਗਏ ਇਸ ਨਿਵੇਕਲੇ ਪ੍ਰੋਗਰਾਮ ਨੂੰ ਰਾਜ ਭਰ ਵਿੱਚ ਲਾਗੂ ਕਰਨ ਲਈ ਉਨ੍ਹਾਂ ਪ੍ਰਮੁੱਖ ਸਕੱਤਰ ਸਿਹਤ ਨੂੰ ਵੀ ਤਜਵੀਜ਼ ਭੇਜੀ ਹੈ ਤਾਂ ਜੋ ਰਾਜ ਭਰ ਵਿੱਚ ਨਵਜੰਮੇ ਬੱਚਿਆਂ ਦੀ ਤੰਦਰੁਸਤੀ ਲਈ ਆਈ ਸਿਹਤ ਰਾਹੀਂ ਬੱਚਿਆਂ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਸ੍ਰੀਮਤੀ ਪ੍ਰੀਤੀ ਯਾਦਵ, ਆਈ.ਏ.ਐਸ, ਸਹਾਇਕ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਤੋਂ ਆਪਣੇ ਨਵਜੰਮੇ ਬੱਚਿਆਂ ਸਮੇਤ ਆਈਆਂ ਲਾਭਪਾਤਰੀਆਂ ਹਾਜ਼ਰ ਸਨ।
Punjab Post Daily Online Newspaper & Print Media