
ਨਵੀਂ ਦਿੱਲੀ, 25 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਾਬਕਾ ਸਿਰਕੱਢ ਆਗੂ ਸੱਚਖੰਡਵਾਸੀ ਠੇਕੇਦਾਰ ਸੁਰਜੀਤ ਸਿੰਘ ਦੀ ਯਾਦ ਵਿੱਚ ਛੇਵਾਂ ਟੀ-20 ਕ੍ਰਿਕੇਟ ਟੂਰਨਾਮੈਂਟ ਦਾ ਅਗਾਜ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਇਸ ਟੂਰਨਾਮੈਂਟ ਦਾ ਰਿੱਬਨ ਕੱਟ ਕੇ ਰਸ਼ਮੀ ਤੌਰ ਤੇ ਉਦਘਾਟਨ ਕੀਤਾ। ਆਈ.ਡੀ.ਹਸਪਤਾਲ ਗੁਰੂ ਤੇਗ ਬਹਾਦਰ ਨਗਰ ਦੇ ਮੈਦਾਨ ਵਿਖੇ ਆਰ.ਡਬਲਿਯੂ.ਏ. ਆਈ.ਡੀ. ਹਸਪਤਾਲ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਦੇ ਉਦਘਾਟਨ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਅਤੇ ਠੇਕੇਦਾਰ ਦੇ ਸਪੁੱਤਰ ਕੈਪਟਨ ਇੰਦਰਪ੍ਰੀਤ ਸਿੰਘ ਆਪਣੀ ਧਰਮ ਸੁਪਤਨੀ ਅਤੇ ਇਲਾਕੇ ਦੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਦੇ ਨਾਲ ਮੌਜੂਦ ਸਨ।
ਕ੍ਰਿਕੇਟ ਮੈਚਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੋਏ ਕਵੀ ਦਰਬਾਰ ਵਿੱਚ ਕਵੀਆਂ ਨੇ ਰਾਸ਼ਟਰ ਭਗਤੀ ਦੀਆਂ ਕਵਿਤਾਵਾਂ ਦਾ ਵੀ ਗਾਇਨ ਕੀਤਾ।ਹਿਤ ਨੇ ਠੇਕੇਦਾਰ ਨਾਲ ਅਕਾਲੀ ਮੋਰਚਿਆਂ ਦੌਰਾਨ ਕੱਟੀਆਂ ਜੇਲ੍ਹਾਂ ਦਾ ਜਿਕਰ ਕਰਦੇ ਹੋਏ ਠੇਕੇਦਾਰ ਨੂੰ ਪੱਕਾ ਟਕਸਾਲੀ ਅਕਾਲੀ ਵੀ ਐਲਾਨਿਆ। ਹਿਤ ਨੇ ਕਿਹਾ ਕਿ ਠੇਕੇਦਾਰ ਨੇ ਹਮੇਸ਼ਾ ਹੀ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੌਰਾਨ ਜਿੰਦਗੀ ਦੇ ਕਈ ਉਤਾਰ ਚੜ੍ਹਾਵ ਦੇਖੇ ਪਰ ਜਿਥੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਵਿਚ ਸੰਪੂਰਣ ਤੌਰ ਤੇ ਕਾਇਮ ਰੱਖਿਆ ਉਥੇ ਹੀ ਪੰਥ ਅਤੇ ਪਾਰਟੀ ਨਾਲ ਵੀ ਜੋੜਿਆ। ਹਿਤ ਨੇ ਠੇਕੇਦਾਰ ਦੇ ਸਮਰਥਕਾਂ ਵੱਲੋਂ ਛੇਵੀਂ ਵਾਰ ਵੱਡੇ ਪੱਧਰ ‘ਤੇ ਕਰਾਏ ਜਾ ਰਹੇ ਉਕਤ ਟੂਰਨਾਮੈਂਟ ਨੂੰ ਠੇਕੇਦਾਰ ਵੱਲੋਂ ਇਲਾਕੇ ਦੇ ਲਈ ਕੀਤੇ ਗਏ ਉਸਾਰੂ ਕਾਰਜਾਂ ਦੇ ਪ੍ਰਤੀ ਜਨਤਾ ਦੇ ਪਿਆਰ ਦੇ ਤੌਰ ਤੇ ਵੀ ਪਰਿਭਾਸ਼ਿਤ ਕੀਤਾ।
Punjab Post Daily Online Newspaper & Print Media