Friday, March 6, 2026

ਨਿਮੋਸ਼ੀਜਨਕ ਹਾਰ ਦੇਖਦਿਆਂ ਕਾਂਗਰਸ ਮੈਦਾਨ ਛੱਡ ਕੇ ਭਜੀ – ਮਜੀਠੀਆ

1 ਕਰੋੜ 56 ਲੱਖ ਦੀ ਲਾਗਤ ਨਾਲ ਤਿਆਰ ਆਧੁਨਿਕ ਤਕਨੀਕਾਂ ਨਾਲ ਭਰਪੂਰ ਮਾਡਰਨ ਪੁਲਿਸ ਥਾਣਾ ਮੱਤੇਵਾਲ ਦੀ ਦੋ ਮੰਜਲਾ ਨਵੀਂ ਇਮਾਰਤ ਦਾ ਕੀਤਾ ਉਦਘਾਟਨ

PPN0102201611

ਮੱਤੇਵਾਲ / ਅੰਮ੍ਰਿਤਸਰ, 1 ਫਰਵਰੀ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਿਛਲੀਆਂ ਜਿਮਨੀ ਚੋਣਾਂ ਦੌਰਾਨ ਹਰ ਵਾਰ ਅਕਾਲੀ ਦਲ ਤੋਂ ਬੁਰੀ ਤਰਾਂ ਹਾਰ ਖਾ ਚੁੱਕੀ ਹੈ, ਖਡੂਰ ਸਾਹਿਬ ਜਿਮਨੀ ਚੋਣ ਦੇ ਬਾਈਕਾਟ ਦੀ ਅਸਲੀਅਤ ਵੀ ਇਹ ਹੈ ਕਿ ਕਾਂਗਰਸ ਨੂੰ ਆਪਣੀ ਨਿਮੋਸ਼ੀਜਨਕ ਹਾਰ ਸਾਹਮਣੇ ਦਿਸਦੀ ਸੀ ਜਿਸ ਕਰਕੇ ਉਹ ਮੈਦਾਨ ਛੱਡ ਕੇ ਭਜੇ ਹਨ।
ਸ: ਮਜੀਠੀਆ ਅੱਜ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੁਆਰਾ 1 ਕਰੋੜ 56 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤੇ ਆਧੁਨਿਕ ਤਕਨੀਕਾਂ ਨਾਲ ਭਰਪੂਰ ਮਾਡਰਨ ਪੁਲਿਸ ਥਾਣਾ ਮੱਤੇਵਾਲ ਦੀ ਦੋ ਮੰਜਲਾ ਨਵੀਂ ਇਮਾਰਤ ਦਾ ਉਦਘਾਟਨ ਕਰਨ ਆਏ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਲੋਕਾਂ ਦੀਆਂ ਅੱਖਾਂ ‘ਚ ਘਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦ ਕਿ ਕਾਂਗਰਸ ਦਾ ਦੇਸ਼ ਭਰ ਵਿੱਚ ਹੀ ਸਫਾਇਆ ਹੋਇਆ ਪਿਆ ਹੈ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਟੋਪਾਂ ਟੈਂਕਾਂ ਭੇਜ ਕੇ ਹਮਲਾ ਅਤੇ ਜੋ ਬੇਅਦਬੀ ਸ੍ਰੀ ਹਰਮਿੰਦਰ ਸਾਹਿਬ ਦੀ ਕੀਤੀ ਹੈ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕਦੀ ਚੋਣਾਂ ਦਾ ਬਾਈਕਾਟ ਕਿਉਂ ਨਹੀਂ ਕੀਤਾ। ਸ: ਮਜੀਠੀਆ ਜੋ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਹਨ ਨੇ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ਨੇ ਜੋ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਕੀਤੀ ਹਨ ਉਸ ਨੂੰ ਪੰਜਾਬ ਦੇ ਲੋਕ ਕਦੀ ਵੀ ਮੁਆਫ਼ ਨਹੀਂ ਕਰਨਗੇ।ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਇਹ ਭਲੀ ਭਾਂਤ ਜਾਣ ਦੇ ਹਨ ਕਿ ਉਹਨਾਂ ਦਾ ਭਵਿੱਖ ਸ: ਪ੍ਰਕਾਸ਼ ਸਿੰਘ ਬਾਦਲ ਸ: ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਪੂਰੀ ਤਰਾਂ ਅਸੁਰਖਿਅਤ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਭਰਤੀ ‘ਤੇ ਮੁਕੰਮਲ ਪਾਬੰਦੀ ਸੀ । ਜਦ ਕਿ ਅਕਾਲੀ ਭਾਜਪਾ ਸਰਕਾਰ ਨੇ ਪਹਿਲਾਂ ੧ ਲਖ ੨੫ ਹਜ਼ਾਰ ਨੌਕਰੀਆਂ ‘ਤੇ ਭਰਤੀ ਕੀਤੀ ਤੇ ਹੁਣ ਵੀ ਇੱਕ ਲਖ ੧੪ ਹਜ਼ਾਰ ਨੌਕਰੀਆਂ ਦੇਣ ਜਾ ਰਹੀ ਹੈ , ਇਸ ਤੋ ਇਲਾਵਾ ਬਹੂ ਕੌਮੀ ਕੰਪਨੀਆਂ ਅਤੇ ਨਿੱਜੀ ਅਦਾਰਿਆਂ ਨੂੰ ਪੰਜਾਬ ਲਿਆ ਕੇ ਲਖਾਂ ਰੁਜ਼ਗਾਰ ਦੇ ਮੌਕੇ ਤੇ ਸਾਧਨ ਪੈਦਾ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ: ਮਜੀਠੀਆ ਨੇ ਥਾਣੇ ਦੀ ਇਮਾਰਤ ਦੇ ਉਦਘਾਟਨ ਮੌਕੇ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲੀਸ ਵੱਲੋਂ ਦੀਨਾਨਗਰ ਅਤੇ ਪਠਾਨਕੋਟ ਵਿਖੇ ਅਤਿਵਾਦੀ ਹਮਲੇ ਨਾਲ ਸਫਲਤਾ ਪੂਰਵਕ ਨਜਿੱਠਣ ਲਈ ਸ਼ਲਾਘਾ ਕੀਤੀ। ਉਹਨਾਂ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਲਤ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਤੋ ਇਲਾਵਾ ਲੋਕਾਂ ਨੂੰ ਇਨਸਾਫ਼ ਦੇਣ ਨੂੰ ਜ਼ਰੂਰੀ ਅਤੇ ਯਕੀਨੀ ਬਣਾਉਣ ਵਲ ਤਵੱਜੋ ਦੇਣ ਤਾਂ ਕਿ ਪੰਜਾਬ ਪੁਲੀਸ ‘ਤੇ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ੬੫ ਸਾਲਾਂ ‘ਚ ਜੋ ਕਾਂਗਰਸ ਸਰਕਾਰਾਂ ਨਹੀਂ ਕਰ ਸਕੀਆਂ ਉਹ ਬਾਦਲ ਸਰਕਾਰ ਨੇ ਕਰੀਬ ੪੦ ਹਜ਼ਾਰ ਕਰੋੜ ਦੀ ਲਾਗਤ ਨਾਲ ੩ ਥਰਮਲ ਪਲਾਂਟ ਲਗਾ ਕੇ ਰਾਜ ਨੂੰ ਬਿਜਲੀ ਸਰਪਲੱਸ ਸੂਬਾ ਬਣਾ ਦਿੱਤਾ ਹੈ। ਉਹਨਾਂ ਦੱਸਿਆ ਕਿ ਰਾਜ ਦੀਆਂ ਸੜਕਾਂ ੪ ਅਤੇ ੬ ਮਾਰਗੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅਮ੍ਰਿਤਸਰ-ਮਹਿਤਾ ਅਤੇ ਢਾਂਡਾ ਸੜਕ ਨੂੰ ਜੌੜਾ ਕਰਨ ਲਈ ਕੇਂਦਰ ਤੋ ਮਨਜ਼ੂਰੀ ਲਈ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਤਰਸਿਕਾ ਵਿੱਚ ਸਭ ਤਹਿਸੀਲ ਕੰਪਲੈਕਸ ਜਲਦ ਬਣਾਇਆ ਜਾਵੇਗਾ। ਇਸ ਮੌਕੇ ਐਸਐਸ ਪੀ ਸ: ਜਸਦੀਪ ਸਿੰਘ , ਐਸਡੀਐਮ ਬਾਬਾ ਬਕਾਲਾ, ਤਲਬੀਰ ਸਿੰਘ ਗਿਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਟਪਈਆਂ, ਬਲਵਿੰਦਰ ਸਿੰਘ ਬਲੋਵਾਲੀ, ਪ੍ਰੋ: ਪ੍ਰਮਬੀਰ ਸਿੰਘ ਮੱਤੇਵਾਲ, ਡਾ: ਤਰਸੇਮ ਸਿੰਘ ਸਿਆਲਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੇਜਰ ਸਿੰਘ ਕਲੇਰ, ਸਰਪੰਚ ਨਵਜੀਤ ਸਿੰਘ ਤਨੇਲ, ਬਲਵਿੰਦਰ ਸਿਆਲਕਾ, ਬੀਬੀ ਧਰਮ ਕੌਰ ਮਹਿਮੂਦਪੁਰਾ, ਸਰਪੰਚ ਦਿਲਬਾਗ ਸਿੰਘ ਕਲੇਰ, ਅਮਰਪਾਲ ਸਿੰਘ ਪਾਲੀ, ਰਣਬੀਰ ਰਾਣਾ ਸੈਦਪੁਰ, ਪ੍ਰੋਮ ਸਿੰਘ ਬਾਠ, ਸਿਕੰਦਰ ਸਿੰਘ ਖਿਦੋਵਾਲੀ, ਸਰਪੰਚ ਮੇਜਰ ਸਿੰਘ ਚੰਨਣਕੇ, ਦਾਰਾ ਸਿੰਘ ਭੋਲੋਵਾਲ, ਡੀਐਸ ਪੀ ਮਜੀਠਾ, ਡੀਐਸਪੀ ਭਗਵੰਤ ਸਿੰਘ, ਮੁਖਤਿਆਰ ਸਿੰਘ ਥਾਣਾ ਮੁਖੀ ਮੱਤੇਵਾਲ, ਥਾਣਾ ਮੁਖੀ ਜੰਡਿਆਲਾ ਦਵਿੰਦਰ ਸਿੰਘ ਬਾਜਵਾ, ਪ੍ਰੀਤਇੰਦਰ ਸਿੰਘ ਥਾਣਾ ਮੁਖੀ ਬਿਆਸ, ਇੰਦਰਜੀਤ ਸਿੰਘ ਥਾਣਾ ਮੁਖੀ ਮਜੀਠਾ, ਥਾਣਾ ਮੁਖੀ ਕਥੂਨੰਗਲ ਦਲਜੀਤ ਸਿੰਘ, ਥਾਣਾ ਮੁਖੀ ਖਲਚੀਆਂ ਅਮੋਲਕ ਸਿੰਘ, ਜਸਬੀਰ ਸਿੰਘ, ਕੇਵਲ ਸਿੰਘ , ਬਖਸ਼ੀਸ਼ ਸਿੰਘ, ਲਖਵਿੰਦਰ ਸਿੰਘ ਤੇ ਚੈਂਚਲ ਸਿੰਘ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply