
ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੇ ਗੋਲਡਨ ਜੁਬਲੀ ਪ੍ਰੋਗਰਾਮਾਂ ਨੂੰ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਦੱਸਿਆ ਕਿ ਉਕਤ ਸਕੂਲਾਂ ਦੀ ਲੜੀ ਦੀ ਸ਼ੁਰੂਆਤ 19 ਜੁਲਾਈ 1965 ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਇੰਡੀਆ ਗੇਟ ਦੇ ਨੇੜ੍ਹੇ ਸ਼ੇਖੂਪੁਰਾ ਹਾਊਸ ਵਿਖੇ ਕੀਤੀ ਗਈ ਸੀ ਤੇ ਸਕੂਲ ਦੇ ਪਹਿਲੇ ਵਿਦਿਆਰਥੀ ਉਹ ਖੁੱਦ ਸਨ।
ਜੀ.ਕੇ. ਨੇ ਇਨ੍ਹਾਂ ਸਕੂਲਾਂ ਨੂੰ ਖੋਲਣ ਦੇ ਪਿੱਛੇ ਦੇ ਕਾਰਨਾ ਦਾ ਖੁਲਾਸਾ ਕਰਦੇ ਹੋਏ ਬੱਚਿਆਂ ਨੂੰ ਕਿਤਾਬੀ ਸਿੱਖਿਆ ਦਾ ਗਿਆਨ ਦੇਣ ਦੇ ਨਾਲ ਹੀ ਸਿੱਖ ਧਰਮ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਣ ਨੂੰ ਇਸ ਦੀ ਸਥਾਪਨਾ ਦਾ ਮੁਖ ਟੀਚਾ ਵੀ ਦੱਸਿਆ। ਜੀ.ਕੇ. ਨੇ ਆਪਣੇ ਅਤੇ ਆਪਣੇ ਵੱਡੇ ਭਰਾ ਤਜਿੰਦਰ ਸਿੰਘ ਦਾ ਸੈਂਟ ਜੇਵੀਅਰਸ਼ ਸਕੂਲ ਵਿੱਚ ਦਾਖਲਾ ਹੋਣ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਮਾਂ-ਪਿਆ ਦੇ ਅੰਗਰੇਜੀ ਨਾ ਜਾਣਨ ਦਾ ਦੋਸ਼ ਲਗਾ ਕੇ ਦਾਖਿਲਾ ਰੱਦ ਕਰਨ ਤੋਂ ਬਾਅਦ ਦਿੱਲੀ ਦੇ ਪਤਿਵੰਤੇ ਸਿੱਖਾਂ ਵੱਲੋਂ ਉਤਮ ਦਰਜੇ ਦੀ ਪੰਥਕ ਸਿੱਖਿਆ ਦੇਣ ਲਈ ਕੌਮ ਦੇ ਸਕੂਲ ਖੋਲਣ ਦਾ ਫ਼ੈਸਲਾ ਲੈਣ ਦਾ ਖੁਲਾਸਾ ਕੀਤਾ। ਜੀ.ਕੇ. ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਇਸ ਗੱਲ ਦਾ ਡਰ ਸੀ ਕਿ ਕਿੱਤੇ ਸਕੂਲ ਵਿੱਚ ਪੜ੍ਹਦੇ ਹੋਰ ਸਿੱਖ ਬੱਚਿਆਂ ਦੀ ਤਰ੍ਹਾਂ ਇਹ ਬੱਚੇ ਈਸਾਈ ਧਰਮ ਦੇ ਪ੍ਰਭਾਵ ਵਿੱਚ ਆ ਕੇ ਸਿੱਖ ਧਰਮ ਤੋਂ ਦੂਰ ਹੋ ਗਏ ਤਾਂ ਜਥੇਦਾਰ ਸੰਤੋਖ ਸਿੰਘ ਨੂੰ ਜਵਾਬ ਦੇਣ ਮੁਸਕਲ ਹੋ ਜਾਵੇਗਾ।
ਬੀਤੇ ਵਰ੍ਹੇ 19 ਜੁਲਾਈ 2015 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਮੇਟੀ ਵੱਲੋਂ ਗੋਲਡਨ ਜੁਬਲੀ ਵਰ੍ਹੇ ਦੀ ਸ਼ੁਰੂਆਤ ਦੇ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਤੋਂ ਬਾਅਦ ਹੁਣ 5 ਫਰਵਰੀ 2016 ਨੂੰ ਦਿੱਲੀ ਦੇ ਜਵਾਹਰ ਲਾਲ ਸਟੈਡੀਅਮ ਵਿਖੇ ਕਰਵਾਏ ਜਾ ਰਹੇ ਸਮਾਗਮ ਨੂੰ ਜੀ.ਕੇ. ਨੇ ਸਮਾਪਤੀ ਸਮਾਗਮ ਦਾ ਨਾਂ ਦਿੱਤਾ। ਜੀ.ਕੇ. ਨੇ ਦੱਸਿਆ ਕਿ ”ਸੁਨਹਿਰਾ ਸਫ਼ਰ ਨਾਂ ਦੇ ਇਸ ਪ੍ਰੋਗਰਾਮ ਵਿੱਚ ਕਮੇਟੀ ਸਕੂਲਾਂ ਦੇ ੪ ਹਜਾਰ ਬੱਚੇ ਵੱਡੇ ਪੱਧਰ ‘ਤੇ ਕੌਮ ਦੀ ਇਸ ਦਿਮਾਗੀ ਜੀਵਨਰੇਖਾ ਦੇ 50 ਸਾਲਾਂ ਦੇ ਸੁਨਹਿਰੇ ਸਫ਼ਰ ਨੂੰ ਆਪਣੀ ਕਾਬਲੀਅਤ ਸਹਾਰੇ ਹਜਾਰਾਂ ਦਰਸ਼ਕਾਂ ਦੇ ਸਾਹਮਣੇ ਸਭਿਆਚਾਰਕ ਝਾਂਕੀ ਦੇ ਰੂਪ ਵਿੱਚ ਪੇਸ਼ ਕਰਨਗੇ। ਇਸ ਪ੍ਰੋਗਰਾਮ ਵਿੱਚ ਬੀਤੇ 50 ਸਾਲ ਦੇ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਕੇ ਦੇਸ਼ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਜੀ.ਕੇ. ਨੇ ਇਸ ਪ੍ਰੋਗਰਾਮ ਵਿਚ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਤੇ ਕਈ ਕੇਂਦਰੀ ਮੰਤਰੀਆਂ ਦੇ ਆਉਣ ਦੀ ਵੀ ਆਸ਼ ਜਤਾਈ।ਸਕੂਲਾਂ ਦੀਆਂ ਖੂਬੀਆਂ ਦਾ ਜਿਕਰ ਕਰਦੇ ਹੋਏ ਸਾਰੀਆਂ ਬ੍ਰਾਂਚਾ ਵਿਚ 1997 ਤੋਂ ਕੰਪਿਊਟਰ ਸਿੱਖਿਆ, 1999 ਤੋਂ ਵਸੰਤ ਵਿਹਾਰ ਬ੍ਰਾਂਚ ਸਿੱਖਣ ਵਿੱਚ ਦਿਮਾਗੀ ਤੌਰ ਤੇ ਢਿੱਲੇ ਬੱਚਿਆਂ ਲਈ ਵਿਸ਼ੇਸ਼ ਕੇਂਦਰ ਦੀ ਸਥਾਪਨਾ ਦੇ ਨਾਲ ਹੀ ਸੰਗਤ ਸੇਵਾ ਕੇਂਦਰਾਂ ਦੇ ਮਾਰਫਤ ਮੌਜੂਦਾ ਸਮੇਂ ਵਿੱਚ ਕਰੋੜਾਂ ਰੁਪਏ ਸਰਕਾਰੀ ਸਕੀਮਾਂ ਰਾਹੀਂ ਬੱਚਿਆਂ ਨੂੰ ਫੀਸ ਮੁਆਫੀ ਵਾਸਤੇ ਦਿਲਵਾਉਣ ਲਈ ਕੀਤੇ ਜਾ ਰਹੇ ਜਤਨਾ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕੌਮੀ ਖੇਡਾ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਉਕਤ ਪ੍ਰੋਗਰਾਮ ਦੇ ਮਾਰਚ ਪਾਸਟ ਵਿਚ ਸਾਮਿਲ ਹੋਣ ਲਈ ਕਮੇਟੀ ਵੱਲੋਂ ਟ੍ਰੈਕ ਸੂਟ ਵੰਡਣ ਉਪਰੰਤ ਸਟੈਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਦੇ ਲਈ ਨਾਸ਼ਤੇ ਦੀ ਵਿਵਸਥਾ ਗੇਟ ਨੰਬਰ 6 ਤੇ ਹੋਣ ਦੀ ਵੀ ਗੱਲ ਕਹੀ।
ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ ਲਵਲੀ, ਹਰਵਿੰਦਰ ਸਿੰਘ ਕੇ.ਪੀ., ਗੁਰਦੇਵ ਸਿੰਘ ਭੋਲਾ, ਹਰਦੇਵ ਸਿੰਘ ਧਨੋਵਾ, ਬੀਬੀ ਧੀਰਜ ਕੌਰ, ਪਰਮਜੀਤ ਸਿੰਘ ਚੰਢੋਕ, ਕੁਲਦੀਪ ਸਿੰਘ ਸਾਹਨੀ, ਜੀਤ ਸਿੰਘ, ਖੇਡ ਡਾਇਰੈਕਟਰ ਸਵਰਣਜੀਤ ਸਿੰਘ ਬਰਾੜ ਅਤੇ ਅਕਾਲੀ ਆਗੂ ਵਿਕਰਮ ਸਿੰਘ ਤੇ ਪੁਨਪੀ੍ਰਤ ਸਿੰਘ ਮੌਜੂਦ ਸਨ।
Punjab Post Daily Online Newspaper & Print Media