Monday, April 27, 2026

ਨਾਮਵਰ ਸ਼ਾਇਰ ਜਸਵੰਤ ਹਾਂਸ ਨਾਲ ਰੂਬਰੂ -ਅਦਬੀ ਮਹਿਫਲ ਵਿੱਚ ਸ਼ਾਇਰਾਂ ਕਾਵਿਕ ਰੰਗ ਬਖੇਰਿਆ

PPN0802201608ਅੰਮ੍ਰਿਤਸਰ, 8 ਫਰਵਰੀ (ਜਗਦੀਪ ਸਿੰਘ ਸੱਗੂ) – ਮਰਹੂਮ ਪੰਜਾਬੀ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਰੰਭੀ ਸਾਹਿਤਕ ਸਮਾਗਮਾਂ ਦੀ ਲੜ੍ਹੀ ਤਹਿਤ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਕਰਵਾਏ ਸਹਿਤਕ ਸਮਾਗਮ ਵਿੱਚ ਪੰਜਾਬ ਜੁਬਾਨ ਦਾ ਨਾਮਵਰ ਸ਼ਾਇਰ ਜਨਾਬ ਜਸਵੰਤ ਹਾਂਸ ਨਾਲ ਸੰਵਾਦ ਰਚਾਇਆ ਗਿਆ। ਸਮਾਗਮ ਦਾ ਸੰਚਾਲਨ ਕਰਦਿਆਂ ਸ਼ਾਇਰ ਦੇਵ ਦਰਦ ਨੇ ਮਹਿਮਾਨ ਸ਼ਾਇਰ ਨਾਲ ਜਾਣ ਪਹਿਚਾਣ ਕਰਾਈ। ਹਾਜਰੀਨ ਦੇ ਸਨਮੁਖ ਹੁੰਦਿਆਂ ਜਸਵੰਤ ਹਾਂਸ ਹੋਰਾਂ ਆਪਣੀ ਗਜ਼ਲ ਦੇ ਸ਼ੇਅਰ ਕਿ ‘ਇਕ ਮੁੱਠ ਰੇਤ ਦੀ ਹੈ ਕੋਲ ਮੇਰੇ, ਤਾਜ ਮਹਿਲ ਉਸਾਰਨਾ ਚਾਹਾਂ’ ਨਾਲ ਗਲ ਸ਼ੁਰੂ ਕਰਦਿਆਂ ਦੱਸਿਆ ਉਹ ਮਾਨਵੀ ਸਰੋਕਾਰਾਂ ਨਾਲ ਜੁੜੀ ਸ਼ਾਇਰੀ ਰਚਦੇ ਹਨ। ਉਹ ਲਿਖਣ ਅਤੇ ਛਪਣ ਵਿੱਚ ਕਦੀ ਵੀ ਕਾਹਲ ਦਾ ਪ੍ਰਗਟਾਵਾ ਨਹੀਂ ਕਰਦੇ। ਇਸੇ ਕਰਕੇ ਉਹਨਾਂ ਦੀ ਜੀਵਨ ਜਾਂਚ ਦੇ ਨਾਲ ਨਾਲ ਉਹਨਾਂ ਦੀ ਸ਼ਾਇਰੀ ਵਿੱਚ ਵੀ ਸਹਿਜਤਾ ਬਰਕਰਾਰ ਰਹਿੰਦੀ ਹੈ।
ਕਥਾਕਾਰ ਦੀਪ ਦਵਿੰਦਰ ਸਿੰਘ ਨੇ ਹਾਂਸ ਹੋਰਾਂ ਦੀ ਕਾਵਿ ਪੁਸਤਕ ‘ਜਜਬਿਆਂ ਦੀ ਭਾਲ ਵਿੱਚ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਮਹਿਮਾਨ ਸ਼ਾਇਰ ਦੀ ਸ਼ਾਇਰੀ ਪਿਆਰ ਫਲਸਫੇ ਦੇ ਕਿੰਨੇ ਦੀ ਭੇਤਾਂ, ਉਮੰਗਾਂ, ਵਿਜੋਗਾਂ ਤੇ ਰੰਗਾਂ ਤੋਂ ਅੱਗੇ ਜਾਂਦੀ ਆਪਣੇ ਸਮਕਾਲ ਨੂੰ ਬਿੰਬਤ ਕਰਦੀ ਥੁੜਿਆਂ, ਟੁੱਟਿਆਂ ਦੇ ਹੱਕ ਵਿੱਚ ਭੁਗਤਦੀ ਹੈ। ਦੇਵਿੰਦਰ ਦੀਦਾਰ, ਹਰਭਜਨ ਬਾਜਵਾ ਅਤੇ ਗੁਰਬਾਜ ਤੋਲਾਨੰਗਲ ਨੇ ਕਿਹਾ ਕਿ ਹਾਂਸ ਦੀ ਸਹਿਤਕ ਪੁਖਤਗੀ ਇਸੇ ਗਲ ਵਿੱਚ ਹੈ ਕਿ ਉਹ ਆਪਣੀ ਸ਼ਾਇਰੀ ਵਿੱਚ ਮੁਹੱਬਤ ਦੇ ਜਜਬੇ ਦੇ ਨਾਲ ਨਾਲ ਕਿਰਤ ਸੱਭਿਆਚਾਰ ਅਤੇ ਮਨੁੱਖਤਾ ਹਤੈਸ਼ੀ ਸਰੋਕਾਰਾਂ ਦੀ ਗੱਲ ਸਹਿਜੇ ਹੀ ਆਖ ਜਾਂਦਾ ਹੈ। ਸ਼ਾਇਰ ਨਿਰਮਲ ਅਰਪਣ, ਅਰਤਿੰਦਰ ਸੰਧੂ ਅਤੇ ਹਜ਼ਾਰਾ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਇਹਨਾਂ ਕਵਿਤਾਵਾਂ ਅਤੇ ਗਜ਼ਲਾਂ ਵਿਚੋਂ ਰੁਮਾਂਸਵਾਦ ਦੇ ਨਾਲ-ਨਾਲ ਸਮਾਜਵਾਦ ਵੀ ਝਲਕਦਾ ਹੈ। ਹਰਭਜਨ ਖੇਮਕਰਨੀ, ਗੁਰਿੰਦਰ ਮਕਨਾ ਅਤੇ ਮਨਮੋਹਨ ਢਿੱਲੋਂ ਨੇ ਅਜਿਹੇ ਰੂਬਰੂ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਦਬੀ ਸਮਾਗਮ ਮਿਲ ਬੈਠ ਕੇ ਜਿਥੇ ਸਹਿਤਕ ਸੰਵਾਦ ਰਚਾਉਣ ਵਿੱਚ ਸਹਾਈ ਹੁੰਦੇ ਹਨ ਉਥੇ ਨਿੱਜੀ ਤੌਰ ਤੇ ਇਕ ਦੂਜੇ ਪ੍ਰਤੀ ਨੇੜਤਾ ਵਧਾਉਂਦੇ ਹਨ। ਜਨਵਾਦੀ ਲੇਖਕ ਸੰਘ ਦੇ ਸਕੱਤਰ ਡਾ. ਕਸ਼ਮੀਰ ਸਿੰਘ ਅਤੇ ਸੁਮੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਨੂੰ ਦੁਹਰਾਇਆ। ਹੋਰਨਾਂ ਤੋਂ ਇਲਾਵਾ ਜਗਤਾਰ ਗਿੱਲ, ਸ਼ਾਇਰ ਬੀਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਪੰਨੂੰ, ਮੈਡਮ ਟੀਨਾ ਸ਼ਰਮਾ, ਰਾਜ ਖੁਸ਼ਵੰਤ ਸਿੰਘ ਸੰਧੂ ਅਤੇ ਓਮ ਪ੍ਰਕਾਸ਼ ਭਗਤ ਆਦਿ ਸ਼ਾਇਰਾਂ ਨੇ ਕਾਵਿਕ ਰੰਗ ਬਖੇਰ ਕੇ ਮਹਿਫਲ ਨੂੰ ਸਿਖਰ ਤੇ ਪਹੁੰਚਾਇਆ। ਇਸ ਸਮੇਂ ਨਾਮਵਰ ਸਾਹਿਤਕਾਰਾਂ ਦੀਆਂ ਤਸਵੀਰਾਂ ਵਾਲਾ ਨਵੇਂ ਵਰ੍ਹੇ ਦਾ ਕੈਲੰਡਰ ਵੀ ਪ੍ਰਧਾਨਗੀ ਮੰਡਲ ਵਲੋਂ ਰਲੀਜ਼ ਕੀਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply