ਬਠਿੰਡਾ, 18 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਪੰਜਾਬ ਸਰਕਾਰ ਵੱਲੋਂ ਬੁਢਾਪਾ, ਵਿਧਵਾ, ਆਸ਼ਰਿਤ ਬੱਚੇ ਅਤੇ ਅਪੰਗਤਾਂ ਪੈਨਸ਼ਨ ਦੀ ਰਾਸ਼ੀ ਵਿਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਹੁਣ ਲਾਭਪਾਤਰੀਆਂ ਨੂੰ ਹਰ ਮਹੀਨੇ 250 ਰੁਪਏ ਦੀ ਥਾਂ ਤੇ 500 ਰੁਪਏ ਪੈਨਸ਼ਨ ਮਿਲਿਆ ਕਰੇਗੀ। ਸਰਕਾਰ ਨੇ ਪੈਨਸ਼ਨ ਵੰਡ ਪ੍ਰਕਿਰਿਆ ਨੂੰ ਸਰਲ ਕਰਨ ਦੇ ਉਦੇਸ਼ ਨਾਲ ਪਿੰਡਾਂ ਵਿਚ ਪੈਨਸ਼ਨਾਂ ਵੰਡਣ ਦਾ ਕੰਮ ਪੰਚਾਇਤਾਂ ਨੂੰ ਸੌਂਪਣ ਦਾ ਨਿਰਣਾ ਵੀ ਕੀਤਾ ਹੈ ਅਤੇ ਇਸ ਨਵੀਂ ਸਕੀਮ ਦੀ ਸ਼ੁਰੂਆਤ 18 ਫਰਵਰੀ 2016 ਨੂੰ ਬਠਿੰਡਾ ਦੇ ਜ਼ਿਲ੍ਹਾ ਪੱਧਰੀ ਸਮਾਗਮ ਰਾਹੀਂ ਹੋ ਜਾਵੇਗੀ ਜੋ ਕਿ-ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ ਜਿਸ ਵਿੱਚ ਪੈਨਸ਼ਨ ਦੇ ਲਾਭਪਾਤਰੀਆਂ ਨੂੰ ਨਕਦ ਪੈਨਸ਼ਨਾਂ ਵੰਡੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਵਿਖੇ ਇਸ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ 18 ਫਰਵਰੀ ਨੂੰ ਸਬ ਡਵੀਜ਼ਨ ਪੱਧਰ ‘ਤੇ ਵੀ ਅਜਿਹੇ ਸਮਾਗਮ ਆਯੋਜਿਤ ਕੀਤੇ ਜਾਣਗੇ । ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਕਰਨਗੇ । ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹ ਵੀ ਨਿਰਣਾ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਤੋਂ ਇਹ ਪੈਨਸ਼ਨ ਵੰਡਣ ਦਾ ਕੰਮ ਪੰਚਾਇਤਾਂ ਵੱਲੋਂ ਮਹੀਨੇ ਦੀ 10 ਤਾਰੀਖ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਇਆ ਕਰੇਗਾ। ਹਾਲਾਂਕਿ ਸ਼ਹਿਰੀ ਖੇਤਰਾਂ ਵਿਚ ਪਹਿਲਾਂ ਵਾਂਗ ਹੀ ਪੈਨਸ਼ਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਹੀ ਜਾਇਆ ਕਰੇਗੀ। ਡਾ. ਗਰਗ ਨੇ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਤੇ ਇਸਤਰੀ ਤੇ ਬਾਲ ਵਿਕਾਸ ਅਫਸਰਾਂ ਨੂੰ ਕਿਹਾ ਕਿ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸਮਾਗਮ ਵਿੱਚ ਵੱਧ ਤੋਂ ਵੱਧ ਪੈਨਸ਼ਨ ਲਾਭਪਾਤਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮਾਂ ਵਿੱਚ ਪੈਨਸ਼ਨਰਾਂ ਦੇ ਬੈਠਣ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਚਾਇਤਾਂ ਨੂੰ ਲਾਭਪਾਤਰੀਆਂ ਦੀਆਂ ਸੂਚੀਆਂ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਪਿੰਡ ਵਿਚ ਸਾਂਝੀ ਥਾਂ ਤੇ ਬੈਠ ਕੇ ਪੈਨਸ਼ਨਾਂ ਦੀ ਵੰਡ ਕੀਤੀ ਜਾਇਆ ਕਰੇ। ਉਨ੍ਹਾਂ ਨੇ ਇਸ ਸਬੰਧੀ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿਚ ਜੇਕਰ ਪੈਨਸ਼ਨ ਪ੍ਰਾਪਤ ਕਰਨ ਵਿਚ ਕਿਸੇ ਨੂੰ ਕੋਈ ਦਿੱਕਤ ਆਵੇ ਤਾਂ ਸਬੰਧਤ ਪੈਨਸ਼ਨ ਧਾਰਕ ਇਸ ਸਬੰਧੀ ਆਪਣੇ ਇਲਾਕੇ ਦੇ ਐਸ.ਡੀ.ਐਮ. ਜਾਂ ਜ਼ਿਲ੍ਹਾ ਸਮਾਜਿਕ ਸੁੱਰਖਿਆ ਅਫ਼ਸਰ ਜਾਂ ਦਫ਼ਤਰ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਹਲਕਾ ਮੌੜ ਦੀ ਪੈਨਸ਼ਨ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਪਿੰਡ ਰਾਮਨਗਰ ਦੇ ਨਹਿਰੀ ਆਰਾਮ ਘਰ ਵਿਖੇ ਵੰਡੀ ਜਾਵੇਗੀ। ਇਸੇ ਤਰ੍ਹਾਂ ਬਠਿੰਡਾ (ਸ਼ਹਿਰੀ) ਦੀ ਪੈਨਸ਼ਨ ਨਗਰ ਨਿਗਮ ਬਠਿੰਡਾ ਦੇ ਮੀਟਿੰਗ ਹਾਲ ਵਿਖੇ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਦੁਆਰਾ ਵੰਡੀ ਜਾਵੇਗੀ।
ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਲਾਭਪਾਤਰੀਆਂ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਦੁਆਰਾ ਪੈਨਸ਼ਨ ਦੀ ਵੰਡ ਪਿੰਡ ਬੱਲੂਆਣਾ ਦੇ ਫੋਕਲ ਪੁਆਇੰਟ ਵਿਖੇ ਕੀਤੀ ਜਾਵੇਗੀ। ਹਲਕਾ ਵਿਧਾਨ ਸਭਾ ਭੁੱਚੋ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੁਆਰਾ ਪਿੰਡ ਭੈਣੀ ਦੀ ਦਾਣਾ ਮੰਡੀ ਵਿਖੇ ਵੰਡੀ ਜਾਵੇਗੀ ਅਤੇ ਹਲਕਾ ਤਲਵੰਡੀ ਸਾਬੋ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਸਰਪੰਚ ਭੋਲਾ ਸਿੰਘ ਵੱਲੋਂ ਪਿੰਡ ਗੁਰੂਸਰ ਦੀ ਧਰਮਸ਼ਾਲਾ ਵਿਖੇ ਕੀਤੀ ਜਾਵੇਗੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੀਨਾ ਅਗਰਵਾਲ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗੜ੍ਹਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media