
ਨਵੀਂ ਦਿੱਲੀ, 5 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫਤਿਹ ਦਿਵਸ ਸਬੰਧੀ ਇੱਕ ਮੀਟਿੰਗ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਆਯੋਜਿਤ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਜਿਥੇ ਬੀਤੇ 3 ਸਾਲਾਂ ਵਿਚ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਵੇਰਵਾ ਦਿੱਤਾ ਉ-ਥੇ ਨਾਲ ਹੀ ਬਿਨਾਂ ਨਾਂ ਲਏ ਵਿਰੋਧੀਆਂ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਜੀ.ਕੇ. ਨੇ ਧਰਮ ਪ੍ਰਚਾਰ, ਸਿੱਖਿਆ, ਸਿਹਤ, ਜਾਇਦਾਦਾਂ ਦੀ ਸੰਭਾਲ ਦੇ ਮਸਲੇ ‘ਤੇ ਕਮੇਟੀ ਵੱਲੋਂ ਮਾਰੀਆਂ ਗਈਆਂ ਮੱਲਾਂ ਅਤੇ ਬੱਚਿਆਂ ਨੂੰ ਸਰਕਾਰੀ ਫੀਸ ਮੁਆਫੀ ਯੋਜਨਾਵਾਂ ਰਾਹੀਂ ਇਸ ਵਰ੍ਹੇ 73 ਕਰੋੜ ਰੁਪਏ ਦਾ ਫਾਇਦਾ ਦੇਣ ਦਾ ਹਵਾਲਾ ਦਿੰਦੇ ਹੋਏ ਕਮੇਟੀ ਦੀ ਕਾਰਗੁਜਾਰੀ ‘ਤੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦਾ ਦਾਰਸ਼ਨਿਕ ਅੰਦਾਜ ਨਾਲ ਜਵਾਬ ਦਿੱਤਾ।
ਜੀ.ਕੇ. ਨੇ ਸਵਾਲ ਕੀਤਾ ਕਿ ਅੱਜ ਸਾਡੀ ਆਲੋਚਨਾਂ ਉਹ ਕਰ ਰਹੇ ਹਨ ਜੋ ਕਮੇਟੀ ਦਾ ਭੱਠਾ ਬਿਠਾ ਕੇ ਗਏ ਹਨ ? ਜੀ.ਕੇ. ਨੇ ਸਾਫ਼ ਕੀਤਾ ਕਿ ਦਿੱਲੀ ਦੀ ਸੰਗਤ ਨੇ ਅਕਾਲੀ ਦਲ ਦੀ ਨੀਤੀਆਂ ਅਤੇ ਵਾਇਦੀਆਂ ਤੇ ਭਰੋਸਾ ਕਰਦੇ ਹੋਏ ਜਿਸ ਕਾਫ਼ਿਲੇ ਨੂੰ ਕੌਮ ਦੀ ਕਾਮਯਾਬੀ ਦੀ ਮੰਜਿਲ ਵੱਲ ਤੋਰਿਆ ਹੈ, ਉਸਦਾ ਜਵਾਬ ਦੇਣ ਦੇ ਚੱਕਰ ਵਿੱਚ ਕਾਫਿਲੇ ਨੂੰ ਮੰਜਿਲ ਤੋਂ ਨਹੀਂ ਭਟਕਣ ਦਿਆਂਗਾ, ਇਹ ਮੇਰਾ ਵਾਇਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ਼ ਬੀਤੇ ਦਿਨੀਂ ਪੰਜ ਪਿਆਰਿਆਂ ਦੇ ਫ਼ੈਸਲੇ ਦੀ ਆੜ ਵਿੱਚ ਕੌਮ ਵਿੱਚ ਮੱਤਭੇਦ ਪੈਦਾ ਕਰਨ ਦੀ ਹੋਇਆਂ ਕੋਸ਼ਿਸ਼ਾਂ ਨੂੰ ਜੀ.ਕੇ. ਨੇ ਤਖਤ ਸਾਹਿਬ ਦੀ ਸਰਬਉ-ਚਤਾ ਨੂੰ ਢਾਹ ਲਾਉਣ ਦੀ ਏਜੰਸੀਆਂ ਤੇ ਸਰਕਾਰਾਂ ਦੀ ਸਾਜਿਸ਼ ਵੀ ਕਰਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਵੱਲੋਂ 9 ਸਤੰਬਰ 1981 ਨੂੰ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੂੰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਪੰਜ ਪਿਆਰਿਆਂ ਦੀ ਆੜ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਨੋਤੀ ਦੇਣ ਦੀ ਸਲਾਹ ਦੇ ਕੇ ਵੀ ਕੀਤੀ ਗਈ ਸੀ। ਜਿਸ ਤੇ ਜਥੇਦਾਰ ਜੀ ਵੱਲੋਂ ਕੋਰੀ ਨਾਹ ਕਰ ਦਿੱਤੀ ਗਈ ਸੀ। ਜੀ.ਕੇ. ਨੇ ਪੰਜ ਪਿਆਰਿਆਂ ਦੇ ਮੱਤਿਆਂ ਦੀ ਆੜ ਵਿਚ ਗੁਰੂ ਦੇ ਸਿਧਾਂਤ ਦਾ ਨੁਕਸਾਨ ਹੋਣ ਦਾ ਵੀ ਖਦਸਾ ਜਤਾਇਆ। ਜੀ.ਕੇ. ਨੇ ਸਵਾਲ ਕੀਤਾ ਕਿ ਸਿੱਖ ਧਰਮ ਤੋਂ ਇਲਾਵਾ ਕੀ ਕਿਸੇ ਹੋਰ ਧਰਮ ਦਾ ਧਰਮ ਗੁਰੂ (ਪੋਪ, ਮੌਲਵੀ,ਸੰਕਰਾਚਾਰਿਆ) ਆਪਣੇ ਧਰਮ ਦੇ ਮੈਂਬਰ ਨੂੰ ਧਰਮ ਦੇ ਅਧਿਕਾਰ ਖੇਤਰ ਵਿੱਚ ਤਲਬ ਕਰ ਸਕਦਾ ਹੈ ? ਜੀ.ਕੇ. ਨੇ ਸੀz ਅਕਾਲ ਤਖਤ ਸਾਹਿਬ ਦੀ ਇਸ ਨਿਵੇਕਲੀ ਰਿਵਾਅਤ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਅੱਗੇ ਆਉਣ ਦੀ ਵੀ ਅਪੀਲ ਕੀਤੀ। ਬਾਲਾ ਸਾਹਿਬ ਹਸਪਤਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਨੂੰ ਖੁਰਦ-ਬੁਰਦ ਕਰਨ ਦੇ ਪੁਰਾਣੀ ਕਮੇਟੀ ਵੱਲੋਂ ਕੀਤੇ ਗਏ ਕਰਾਰਾਂ ਤੇ ਵਿਅੰਗ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਜਮੀਨਾਂ ਦੀ ਪ੍ਰਾਪਤੀ ਕਿਸੇ ਨੇ ਕੀਤੀ, ਲੁਟਾ ਕੋਈ ਹੋਰ ਗਿਆ।
ਪਾਰਕਿੰਗ ਦੇ ਕਰਾਰ ਦੀ ਸੀਮਾ ਪੂਰੀ ਹੋਣ ਉਪਰੰਤ ਐਨ.ਡੀ.ਐਮ.ਸੀ. ਵੱਲੋਂ ਕਬਜਾ ਕੀਤੇ ਜਾਉਣ ਦੇ ਸੰਗਤਾਂ ਵੱਲੋਂ ਜਤਾਏ ਜਾਉਂਦੇ ਖਦਸਿਆਂ ਦਾ ਜਵਾਬ ਜੀ.ਕੇ. ਨੇ ਦਿਲੇਰੀ ਭਰੇ ਲਹਿਜੇ ਵਿਚ ਦਿੰਦੇ ਹੋਏ ਕਿਹਾ ਕਿ ਕੋਈ ਮਾਈ ਦਾ ਲਾਲ ਸਾਡੇ ਤੋਂ ਪਾਰਕਿੰਗ ਨਹੀਂ ਲੈ ਸਕਦਾ। ਇਸ ਸਬੰਧ ਵਿਚ ਮੌਜੂਦਾ ਕਮੇਟੀ ਵੱਲੋਂ ਪਾਰਕਿੰਗ ਦੇ ਬਾਹਰ ਨਵੀਂਆਂ ਬਣਾਈਆਂ ਗਈਆਂ 2 ਦਰਸ਼ਨੀ ਡਿਉੜੀਆਂ ਨੂੰ ਜੀ.ਕੇ. ਨੇ ਗੁਰਦੁਆਰੇ ਦੀ ਹੱਦ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਮਹਿਰੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਵਾਸਤੇ ਕਮੇਟੀ ਵੱਲੋਂ ਲਗਭਗ 7.5 ਏਕੜ ਦਾ ਪਾਰਕ ਜਿਸਦੀ ਅਨੁਮਾਨਿਤ ਕੀਮਤ ਲਗਭਗ 350 ਕਰੋੜ ਰੁਪਏ ਹੈ ਨੂੰ ਸਿਰਫ 3 ਲੱਖ ਵਿਚ ਲੀਜ ‘ਤੇ ਪ੍ਰਾਪਤ ਕਰਨ ਨੂੰ ਜੀ.ਕੇ. ਨੇ ਸਰਕਾਰੇ-ਦਰਬਾਰੇ ਕੌਮ ਅਤੇ ਅਕਾਲੀ ਦਲ ਦੀ ਤਾਕਤ ਦੱਸਿਆ। ਜੀ.ਕੇ. ਨੇ ਪਿੱਛਲੀ ਕਮੇਟੀ ਵਲੋਂ ਸਰਕਾਰਾਂ ਤੋਂ ਚੁੱਕੇ ਗਏ ਨਿਜੀ ਫਾਇਦੀਆਂ ਦਾ ਜਿਕਰ ਕਰਦੇ ਹੋਏ ਜੋਰ ਦੇ ਕੇ ਕਿਹਾ ਕਿ ਅਸੀਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਰੀਦੇ ਹੋਏ ਨਹੀਂ ਜਦੋਂ ਸਰਕਾਰੇ ਦਰਬਾਰੇ ਜਾਵਾਂਗੇ ਕੌਮ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਜਾਵਾਂਗੇ ਨਾ ਕਿ ਆਪਣੇ ਨਿਜੀ ਮੁਫਾਦ ਲਈ। ਸਿਰਸਾ ਨੇ ਫਤਿਹ ਦਿਵਸ ਮਨਾਉਣ ਦੀ ਲੋੜ ਦਾ ਜਿਕਰ ਕਰਦੇ ਹੋਏ ਨੌਜਵਾਨਾਂ ਨੂੰ ਇਸ ਦਿਹਾੜੇ ਦੀ ਚੜ੍ਹਦੀਕਲਾ ਦਾ ਇਤਿਹਾਸ ਪੜ੍ਹਨ ਦੀ ਵੀ ਸਲਾਹ ਦਿੱਤੀ। ਸਿਰਸਾ ਨੇ ਕਿਹਾ ਕਿ ਜਿਸ ਲਾਲ ਕਿਲ੍ਹੇ ਤੇ ਅੱਜ ਮੁਲਕ ਦੇ ਪ੍ਰਧਾਨ ਮੰਤਰੀ ਅਜਾਦੀ ਦਿਹਾੜੇ ਤੇ ਕੌਮੀ ਝੰਡਾ ਫਹਿਰਾਉਂਦੇ ਹਨ ਉਸ ਲਾਲ ਕਿਲ੍ਹੇ ‘ਤੇ ਬਹਾਦਰ ਸਿੱਖ ਜਰਨੈਲਾਂ ਨੇ 1783 ਵਿਚ ਕੇਸ਼ਰੀ ਨਿਸ਼ਾਨ ਝੁਲਾ ਕੇ ਆਪਣੀ ਅਣਖ ਤੇ ਬਹਾਦਰੀ ਦਾ ਲੋਹਾ ਮਨਵਾਇਆ ਸੀ। ਸਿਰਸਾ ਨੇ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।
ਹਿੱਤ ਨੇ ਜੂੜੇ ਨੂੰ ਸਿੱਖੀ ਅਤੇ ਉੜੇ ਨੂੰ ਭਾਸ਼ਾ ਦੀ ਸ਼ੁਰੂਆਤ ਦਾ ਪ੍ਰਤੀਕ ਦੱਸਦੇ ਹੋਏ ਜੂੜੇ ਅਤੇ ਉੜੇ ਦੀ ਹੋਂਦ ਨੂੰ ਮਿਟਾਉਣ ਵਾਸਤੇ ਘੜੀਆਂ ਜਾ ਰਹੀਆਂ ਸਾਜਿਸ਼ਾਂ ਤੋਂ ਸੁਚੇਤ ਹੋਣ ਤੋਂ ਵੀ ਸੰਗਤਾਂ ਨੂੰ ਅਪੀਲ ਕੀਤੀ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਿੱਖ ਵਿਰੋਧੀ ਤਾਕਤਾਂ ਦੇ ਖਿਲਾਫ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਵੱਲੋਂ ਸਹਿਯੋਗ ਲੈਣ ਦਾ ਭਰੋਸਾ ਵੀ ਲਿਆ। ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਬਖੂਬੀ ਨਿਭਾਈ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ ਖੋਖਰ, ਦਰਸ਼ਨ ਸਿੰਘ, ਰਵਿੰਦਰ ਸਿੰਘ ਲਵਲੀ, ਜਸਬੀਰ ਸਿੰਘ ਜੱਸੀ, ਗੁਰਵਿੰਦਰ ਪਾਲ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ ਭੋਲਾ, ਮਨਮੋਹਨ ਸਿੰਘ, ਬੀਬੀ ਧੀਰਜ ਕੌਰ, ਗੁਰਬਚਨ ਸਿੰਘ ਚੀਮਾ, ਹਰਵਿੰਦਰ ਸਿੰਘ ਕੇ.ਪੀ ਅਤੇ ਗੁਰਮੀਤ ਸਿੰਘ ਲੁਬਾਣਾ ਮੌਜੂਦ ਸਨ।
Punjab Post Daily Online Newspaper & Print Media