ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਬੈਂਕ ਆਫ਼ ਪਟਿਆਲਾ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਕੇਂਦਰ (ਆਰ.ਸੇਟੀ) ਨੇ ਸਾਲ 2015-16 ਦੌਰਾਨ 504 ਸਿੱਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ ਦਿੱਤੀ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਨਾਉਣ ਵਿੱਚ ਵੱਡਾ ਯੋਗਦਾਨ ਪਾਇਆ।ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਆਰ-ਸੇਟੀ ਜ਼ਿਲ੍ਹਾ ਸਲਾਹਕਾਰੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਮੇਂ ਦੀ ਲੋੜ ਅਨੁਸਾਰ ਤਿਆਰ ਕੀਤੇ ਗਏ ਕੋਰਸਾਂ ਜਿਵੇਂ ਕਿ ਰਾਜ ਮਿਸਤਰੀ, ਡਰੈਸ ਡਿਜ਼ਾਈਨਿੰਗ, ਪਲੰਬਰ, ਬਿਊਟੀ ਪਾਰਲਰ, ਮਧੂ ਮੱਖੀ ਪਾਲਣ, ਮੋਬਾਇਲ ਫ਼ੋਨ ਸਰਵਿਸ, ਸਿਲਾਈ ਕਢਾਈ ਆਦਿ ਤਹਿਤ ਪੇਂਡੂ ਇਲਾਕੇ ਦੇ ਬੀ.ਪੀ.ਐਲ. ਪਰਿਵਾਰਾਂ ਦੇ ਨੌਜਵਾਨਾਂ ਨੂੰ ਇਹ ਸਿੱਖਿਆ ਮੁਫ਼ਤ ਦਿੱਤੀ ਗਈ। ਇਸ ਤੋਂ ਇਲਾਵਾ ਸਿਲਾਈ ਕਢਾਈ ਦਾ ਕੋਰਸ ਪੂਰਾ ਕਰਨ ਵਾਲੇ ਵਿੱਦਿਆਰਥੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ ਤਾਂ ਜੋ ਉਹ ਆਪਣੇ ਘਰ ਬੈਠ ਕੇ ਕੰਮ ਕਰ ਸਕਣ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਉਪਰਾਲਾ ਕਰਦਿਆਂ ਆਰ-ਸੇਟੀ ਵੱਲੋਂ ਮਗਨਰੇਗਾ ਤਹਿਤ 100 ਕੰਮ ਦੇ ਦਿਨ ਪੂਰੇ ਕਰ ਚੁੱਕੇ ਵਰਕਰਾਂ ਨੂੰ ਸਵੈ-ਰੋਜ਼ਗਾਰ ਸਬੰਧੀ ਸਿਖਲਾਈ ਤਲਵੰਡੀ ਸਾਬੋ ਵਿਖੇ ਦਿੱਤੀ ਗਈ। ਇਸ ਕੈਂਪ ਅਧੀਨ ਸਿੱਖਿਆ ਲੈਣ ਵਾਲੇ ਸਿੱਖਿਆਰਥੀਆਂ ਨੂੰ ਸਰਟੀਫ਼ਿਕੇਟਾਂ ਤੋਂ ਇਲਾਵਾ ਆਉਣ-ਜਾਣ ਦਾ ਕਿਰਾਇਆ ਅਤੇ ਸਿੱਖਿਆਰਥੀਆਂ ਨੂੰ ਦੁਪਹਿਰ ਸਮੇਂ ਚਾਹ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਰ.ਸੇਟੀ.ਤੋਂ ਕਿੱਤਾ ਮੁਖੀ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਬੈਂਕਾਂ ਵੱਲੋਂ ਅਸਾਨ ਕਿਸਤਾਂ ‘ਤੇ ਲੋਨ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਸਵੈ-ਰੁਜਗਾਰ ਦੇ ਮੌਕੇ ਦਿੱਤੇ ਜਾ ਸਕਣ। ਸ਼੍ਰੀਮਤੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਦੀ ਇਮਾਰਤ ਵਿੱਚ ਚਲਾਇਆ ਜਾ ਰਿਹਾ ਇਹ ਸੈਂਟਰ ਹੁਣ ਤੱਕ 1500 ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਲਾਹੇਵੰਦ ਕੋਰਸ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ 23 ਸਾਲ ਤੋਂ 28 ਸਾਲ ਤੱਕ ਦੇ ਨੌਜਵਾਨਾਂ ਨੂੰ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰਸ ਪੂਰਾ ਕਰਨ ਤੋਂ ਬਾਅਦ ਇਨ੍ਹਾਂ ਸਿੱਖਿਆਰਥੀਆਂ ਨੂੰ ਬੈਂਕਾਂ ਵਲੋਂ ਅਸਾਨ ਕਿਸ਼ਤਾਂ ‘ਤੇ ਕਰਜ਼ਾ ਦਿੱਤਾ ਜਾਦਾ ਹੈ, ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਕੋਰਸ ਪੂਰਾ ਹੋਣ ਤੋਂ 2 ਸਾਲ ਬਾਅਦ ਤੱਕ ਇਨ੍ਹਾਂ ਸਿਖਿਆਰਥੀਆਂ ਨੂੰ ਆਰ.ਸੇਟੀ ਸੈਂਟਰ ਸਹਾਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਕੰਮ ਸਿੱਖਣ ਵਾਲੀਆਂ ਕਈ ਲੜਕੀਆਂ ਹੁਣ ਆਪ ਪੈਸਾ ਕਮਾ ਕੇ ਘਰ ਚਲਾਉਣ ਵਿਚ ਮਦਦ ਕਰਦੀਆਂ ਹਨ ਅਤੇ ਆਤਮ ਨਿਰਭਰ ਹਨ। ਇਸ ਬੈਠਕ ਵਿੱਚ ਲੀਡ ਬੈਂਕ ਤੋਂ ਰਕੇਸ਼ ਗੁਪਤਾ, ਸਟੇਟ ਬੈਂਕ ਆਫ਼ ਪਟਿਆਲਾ ਦੇ ਚੀਫ਼ ਮੈਨੇਜ਼ਰ ਡੀ.ਕੇ. ਕੌਸ਼ਲ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਚਮਨ ਲਾਲ ਗਰਗ, ਆਰ.ਸੇਟੀ ਦੇ ਡਾਇਰੈਕਟਰ ਜੇ.ਐਸ.ਸੋਢੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜੋਗਿੰਦਰ ਗਰੋਵਰ ਵੀ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media