ਪਠਾਨਕੋਟ, 15 ਮਾਰਚ (ਪ.ਪ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਵਾਜਾਈ ਦੀਆਂ ਬੇਹਤਰ ਸਹੂਲਤਾਂ ਮੁਹਈਆ ਕਰਨ ਲਈ ਜਿਥੇ ਜਿਲ੍ਹਾ ਪਠਾਨਕੋਟ ਅੰਦਰ ਸੜਕਾਂ ਨੂੰ ਚੌੜਾ ਅਤੇ ਮਜਬੂਤ ਕੀਤਾ ਜਾ ਰਿਹਾ ਹੈ, ਉਥੇ ਜਿਲ੍ਹੇ ਅੰਦਰ 6.36 ਕਰੋੜ ਰੁਪਏ ਦੀ ਰਾਸ਼ੀ ਖਰਚ ਕਰ ਕੇ ਦੋ ਪੁਲਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਦੱਸਿਆ ਕਿ ਉਪਰੋਕਤ ਪੁਲਾਂ ਵਿੱਚੋਂ ਇਕ ਪੁਲ ਖੱਡੀ ਖੱਡ ਨਜਦੀਕ ਅਬਰੋਲ ਨਗਰ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਤੇ 3.86 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਦੂਸਰਾ ਪੁਲ ਅਪਰਬਾਰੀ ਦੁਆਬ ਨਹਿਰ ਤੇ ਭੀਮਪੁਰ ਨੇੜੇ ਬਣਾਇਆ ਜਾ ਰਿਹਾ ਹੈ ਜਿਸ ਉਪਰ 2.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੱਡੀ ਖੱਡ ਉਪਰ ਬਣਾਏ ਜਾ ਰਹੇ ਪੁਲ ਦੇ ਨਿਰਮਾਣ ਦਾ ਕੰਮ ਲਗਭਗ 85 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ ਅਤੇ ਇਸ ਪੁਲ ਦੇ ਬਣਨ ਨਾਲ ਸ਼ਹਿਰ ਵਿੱਚੋਂ ਆਵਾਜਾਈ ਘੱਟੇਗੀ ਅਤੇ ਟ੍ਰੇਫਿਕ ਦੀ ਸਮੱਸਿਆ ਵੀ ਹੱਲ ਹੋਵੇਗੀ। ਉਨ੍ਹਾਂ ਦੱਸਿਆ ਕਿ ਜੰਮੂ, ਅਮ੍ਰਿਤਸਰ-ਗੁਰਦਾਸਪੁਰ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਵਾਹਨਾਂ ਕਰਕੇ ਸ਼ਹਿਰ ਵਿੱਚ ਲੱਗਣ ਵਾਲੇ ਜਾਮ ਤੋਂ ਵੀ ਲੋਕਾਂ ਨੂੰ ਨਿਯਾਤ ਮਿਲੇਗੀ , ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਦੂਰੀ ਵੀ ਘਟੇਗੀ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਖੱਡੀ ਖੱਡ ਦੇ ਨਾਲ ਨਾਲ ਬਣੀ ਪੱਕੀ ਸੜਕ ਇਕ ਬਾਈਪਾਸ ਦਾ ਕੰਮ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਅਪਰਬਾਰੀ ਦੁਆਬ ਨਹਿਰ ਤੇ ਭੀਮਪੁਰ ਨੇੜੇ ਬਣਾਏ ਜਾ ਰਹੇ ਪੱਕੇ ਪੁਲ ਦੀ ਉਸਾਰੀ ਦਾ ਕੰਮ ਵੀ ਲਗਭਗ 50 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਪਿੰਡ ਘਰੋਟਾ, ਕੋਠੇ, ਸਿੰਬਲੀ, ਨਾਜੋਚੱਕ, ਨੋਸ਼ਹਿਰਾ, ਅਜੀਜਪੁਰ, ਫਤਿਹਪੁਰ, ਬਿਆਸ ਲਾਹੜੀ, ਝਲੋਆ,ਪਪਿਆਲ ਅਤੇ ਮਿਰਜਾਪੁਰ ਦੇ ਲੋਕਾਂ ਨੂੰ ਬਹੁਤ ਲਾਭ ਪਹੁੰਚੇਗਾ, ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ ਦੇ ਪਿੰਡ ਡਮਟਾਲ, ਕੰਦਰੋੜੀ ਅਤੇ ਇੰਦੋਰਾ ਦੇ ਲੋਕਾਂ ਨੂੰ ਜਿਲ੍ਹਾਂ ਗੁਰਦਾਸਪੁਰ ਨੂੰ ਜਾਣਾ ਸੁਖਾਲਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਘਰੋਟਾ ਤੇ ਦੀਨਾਨਗਰ ਜਾਣ ਵਾਸਤੇ ਟ੍ਰੇਫਿਕ ਦੀ ਆਵਾਜਾਈ ਵੀ ਸੁਖਾਲੀ ਹੋਏਗੀ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media