Wednesday, March 18, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਜਨਾਲਾ ਵਿੱਚ ਸੈਮੀਨਾਰ – ਫਰੰਟ ਆਫਿਸ ਖੋਲਿਆ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਸ੍ਰੀ ਗੁਰਬੀਰ ਸਿੰਘ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤਹਿਸੀਲ ਅਜਨਾਲਾ ਵਿੱਚ ਫਰੰਟ ਆਫਿਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਯੁਕਤੀ ਗੋਇਲ, ਸੀ.ਜੇ.ਐੱਮ, ਸ੍ਰੀਮਤੀ ਗਰੀਸ਼, ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਮੌਜੂਦ ਸਨ। ਇਸ ਤੋਂ ਇਲਾਵਾ ਸ੍ਰੀ ਗੁਰਬੀਰ ਸਿੰਘ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਚੇਅਰਮੈਨ, ਸਬ ਡਵੀਜਨਲ ਲੀਗਲ ਸਰਵਿਸ ਕਮੇਟੀ, ਅਜਨਾਲਾ ਅਤੇ ਸ੍ਰੀ ਜਤਿੰਦਰ ਸਿੰਘ ਚੌਹਾਨ, ਪ੍ਰਧਾਨ, ਬਾਰ ਐਸੋਸੀਏਸ਼ਨ, ਅਜਨਾਲਾ ਵੀ ਇਸ ਮੌਕੇ ਤੇ ਮੌਜੂਦ ਸਨ। ਇਸ ਮੌਕੇ ਤੇ ਮੈਡਮ ਗਰੀਸ਼ ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਜੋ ਫਰੰਟ ਆਫਿਸ ਇੱਥੇ ਖੋਲ੍ਹਿਆ ਜਾ ਰਿਹਾ ਹੈ ਇਸ ਦੀ ਬਹੁਤ ਜ਼ਿਆਦਾ ਲੋੜ ਸੀ। ਇੱਥੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਜੋ ਲੋਕ ਬਹੁਤ ਗਰੀਬ ਹਨ ਅਤੇ ਵਕੀਲ ਨਹੀਂ ਕਰ ਸਕਦੇ ਉਹਨਾਂ ਨੂੰ ਇੱਥੇ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਉਹਨਾਂ ਦੀ ਮਦਦ ਕੀਤੀ ਜਾਵੇਗੀ।
ਇਹ ਵਰਣਨਯੋਗ ਹੈ ਕਿ ਇਸ ਮੌਕੇ ਤੇ ਬਾਰ ਰੂਮ ਵਿੱਚ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਬੋਲਦਿਆ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਨੇ ਦੱਸਿਆ ਕਿ ਕਾਨੂੰਨੀ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਜਿਸ ਨੂੰ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੈ ਉਹ ਫਰੰਟ ਆਫਿਸ ਵਿੱਚ ਜਾ ਕੇ ਦਰਖਾਸਤ ਦੇ ਕੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਦੀ ਸਲਾਨਾ ਆਮਦਨ 1,50,000 ਰੁਪਏ (ਡੇਢ ਲੱਖ ਰੁਪਏ) ਤੋਂ ਘੱਟ ਹੈ, ਕੋਈ ਵੀ ਔਰਤ, ਬੱਚਾ, ਕੁਦਰਤੀ ਆਫਤਾਂ ਦੇ ਮਾਰੇ, ਮਾਨਸਿਕ ਰੋਗੀ/ਅਪੰਗ, ਉਦਯੋਗਿਕ ਕਾਮੇ, ਜ਼ੇਲ੍ਹ ਵਿੱਚ ਬੰਦ ਵਿਅਕਤੀ, ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਹੈ। ਇਸ ਫਰੰਟ ਆਫਿਸ ਵਿੱਚ ਸ੍ਰੀ ਨਵਦੀਪ ਸਿੰਘ ਐਡਵੋਕੇਟ, ਸ੍ਰੀ ਸੁਖਜਿੰਦਰ ਸਿੰਘ ਐਡਵੋਕੇਟ ਅਤੇ ਮਾਸਟਰ ਸ੍ਰੀ ਮਦਨ ਲਾਲ, ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਲਗਾਈ ਗਈ ਹੈ ਜ਼ੋ ਕਿ ਫਰੰਟ ਆਫਿਸ ਵਿੱਚ ਬੈਠ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣਗੇ। ਇਸ ਮੌਕੇ ਤੇ ਸ੍ਰੀ ਜਤਿੰਦਰ ਸਿੰਘ, ਪ੍ਰਧਾਨ, ਬਾਰ ਐਸੋਸੀਏਸ਼ਨ ਨੇ ਸ੍ਰੀ ਗੁਰਬੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਦੱਸਿਆ ਕਿ ਇਸ ਉਪਰਾਲੇ ਨਾਲ ਲੋਕਾਂ ਨੂੰ ਬਹੁਤ ਸਹਿਯੋਗ ਮਿਲੇਗਾ। ਜਿਹੜੇ ਲੋਕ ਵਕੀਲ ਨਹੀਂ ਕਰ ਸਕਦੇ ਉਹ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਣਗੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply