Sunday, March 15, 2026

ਦਿੱਲੀ ਕਮੇਟੀ ਵਿੱਚ ਲਾਗੂ ਹੋਵੇਗੀ ਆਰ.ਟੀ.ਆਈ

PPN2503201605
ਦਿੱਲੀ ਵਿਧਾਨ ਸਭਾ ਵਿਚ ਭਗਤ ਸਿੰਘ ਦਾ ਟੋਪੀ ਵਾਲਾ ਬੁੁੱਤ ਲਾਉਣ ‘ਤੇ ਦਿੱਲੀ ਕਮੇਟੀ ਨੇ ਕੀਤਾ ਵਿਰੋਧ

ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਸ਼ਹੀਦੇ ਆਜ਼ਮ ਭਗਤ ਸਿੰਘ ਦਾ ਦਿੱਲੀ ਵਿਧਾਨਸਭਾ ਵਿੱਚ ਟੋਪੀ ਵਾਲਾ ਬੁੱਤ ਲਗਾਉਣ ਦੀ ਆਮ ਆਦਮੀ ਪਾਰਟੀ ਦੀ ਕਾਰਵਾਈ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਸਿੰਘ ਨੂੰ ਸਿੱਖੀ ਤੋਂ ਖਾਰਿਜ਼ ਕਰਨ ਨਾਲ ਤੁਲਨਾ ਕੀਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਪਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਬਾਬਤ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਪੱਤਰ ਦੀ ਜਾਣਕਾਰੀ ਦੇਣ ਦੌਰਾਨ ਕਮੇਟੀ ਵਿੱਚ ਸੂਚਨਾ ਦਾ ਅਧਿਕਾਰ (ਆਰ.ਟੀ.ਆਈ) ਨੂੰ ਲਾਗੂ ਕਰਨ ਦਾ ਵੀ ਐਲਾਨ ਕੀਤਾ।
ਸਿਰਸਾ ਨੇ ਦੱਸਿਆ ਕਿ 2013 ਦੀਆਂ ਦਿੱਲੀ ਕਮੇਟੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੀ ਸੰਗਤ ਨੂੰ ਦਿੱਲੀ ਕਮੇਟੀ ਦੀ ਸੇਵਾ ਅਕਾਲੀ ਦਲ ਨੂੰ ਮਿਲਣ ‘ਤੇ ਕਮੇਟੀ ਵਿੱਚ ਆਰ.ਟੀ.ਆਈ. ਲਾਗੂ ਕਰਨ ਦਾ ਵਾਇਦਾ ਚੋਣ ਮਨੋਰਥ ਪੱਤਰ ਵਿੱਚ ਕੀਤਾ ਸੀ। ਸਿਰਸਾ ਨੇ ਕਿਹਾ ਕਿ ਅਸੀਂ ਖੁਸ਼ਕਿਸ਼ਮਤ ਹਾਂ ਕਿ ਸਾਨੂੰ ਕਮੇਟੀ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਵਾਸਤੇ ਆਰ.ਟੀ.ਆਈ. ਨੂੰ ਲਾਗੂ ਕਰਨ ਦਾ ਇਤਿਹਾਸਕ ਮੌਕਾ ਮਿਲਿਆ ਹੈ। ਸਿਰਸਾ ਨੇ ਆਰ.ਟੀ.ਆਈ.ਦਾ ਜਵਾਬ ਦੇਣ ਲਈ ਵੱਖ ਸੈਲ ਕਮੇਟੀ ਵਿਚ ਬਣਾਉਣ ਦਾ ਵੀ ਐਲਾਨ ਕੀਤਾ।
ਇਸ ਮਸਲੇ ਤੇ ਚਲ ਰਹੀ ਕਾਨੂੰਨੀ ਕਾਰਵਾਹੀ ਦਾ ਜਿਕਰ ਕਰਦੇ ਹੋਏ ਸਿਰਸਾ ਨੇ ਦੱਸਿਆ ਕਿ ਆਰ.ਟੀ.ਆਈ. ਲਗਾਉਣ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਵੱਲੋਂ ਚੋਣਾਂ ਤੋਂ ਪਹਿਲੇ ਹਾਈ ਕੋਰਟ ਵਿੱਚ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਖਿਲਾਫ਼ ਪਟੀਸ਼ਨ ਪਾਈ ਗਈ ਸੀ ਜਿਸ ਤੇ ਹਾਈ ਕੋਰਟ ਤੋਂ ਭੋਗਲ ਦੇ ਪੱਖ ਵਿੱਚ ਆਦੇਸ਼ ਆਉਣ ਦੇ ਬਾਵਜ਼ੂਦ ਸਰਨਾ ਵੱਲੋਂ ਸੁਪਰੀਮ ਕੋਰਟ ਵਿਚ ਹਾਈ ਕੋਰਟ ਦੇ ਆਦੇਸ਼ ਨੂੰ ਚੁਨੌਤੀ ਦਿੱਤੀ ਗਈ ਸੀ। ਪਿੱਛਲੇ ਲੰਬੇ ਸਮੇਂ ਤੋਂ ਇਸ ਕੇਸ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਨਹੀਂ ਹੋਈ ਸੀ ਪਰ ਹੁਣ 28 ਮਾਰਚ 2016 ਨੂੰ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਦੇ ਦੌਰਾਨ ਕਮੇਟੀ ਦੇ ਵਕੀਲਾਂ ਵੱਲੋਂ ਕਮੇਟੀ ਪ੍ਰਧਾਨ ਦੇ ਤੌਰ ਤੇ ਸਰਨਾ ਵੱਲੋਂ ਪਾਏ ਗਏ ਉਕਤ ਕੇਸ ਨੂੰ ਵਾਪਿਸ ਲੈਣ ਦਾ ਹਲਫ਼ਨਾਮਾ ਦੇ ਕੇ ਆਰ.ਟੀ.ਆਈ. ਲਾਗੂ ਕਰਨ ਦਾ ਰਸਤਾ ਸਾਫ਼ ਕਰਨ ਦਾ ਮੌਜੂਦਾ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ।
ਭਗਤ ਸਿੰਘ ਨੂੰ ਟੋਪੀ ਪਾਉਣ ਨੂੰ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਦੱਸਦੇ ਹੋਏ ਸਿਰਸਾ ਨੇ ਦਿੱਲੀ ਸਰਕਾਰ ਨੂੰ ਛੇਤੀ ਬੁੱਤ ਵਿਚ ਸੁਧਾਰ ਕਰਨ ਦੀ ਅਪੀਲ ਕਰਦੇ ਹੋਏ ਕਾਰਵਾਹੀ ਨਾ ਹੋਣ ‘ਤੇ ਦਿੱਲੀ ਕਮੇਟੀ ਵੱਲੋਂ ਖੁਦ ਬੁੱਤ ਵਿੱਚ ਸੁਧਾਈ ਕਰਨ ਦੀ ਵੀ ਚੋਤਾਵਨੀ ਦਿੱਤੀ ਹੈ। ਭਾਰਤ ਦੀ ਸੰਸਦ ਵਿਚ ਭਗਤ ਸਿੰਘ ਦੇ ਲੱਗੇ ਸਿੱਖ ਵੇਸ਼ ਵਾਲੇ ਬੁੱਤ ਦਾ ਹਵਾਲਾ ਦਿੰਦੇ ਹੋਏ ਸਿਰਸਾ ਨੇ ਸਰਕਾਰੀ ਰਿਕਾਰਡ ਵਿੱਚ ਸਿੱਖੀ ਵੇਸ਼ ਵਾਲੀ ਤਸਵੀਰ ਹੋਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜ਼ਾ ਦੇਣ ਦੇ ਨਾਲ ਹੀ ਭਾਰਤ ਰਤਨ ਦੇਣ ਦੀ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। ਸਿਰਸਾ ਨੇ ਕਿਹਾ ਕਿ ਫਾਂਸੀ ਤੋਂ ਪਹਿਲੇ ਜੇਲ ਵਿਚ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਦੇ ਸੰਪਰਕ ਵਿਚ ਆਉਣ ਦੇ ਬਾਅਦ ਭਗਤ ਸਿੰਘ ਨੇ ਪੂਰਣ ਸਿੱਖੀ ਧਾਰਨ ਕਰ ਲਈ ਸੀ ਇਸ ਲਈ ਦਿੱਲੀ ਕਮੇਟੀ ਦਿੱਲੀ ਸਰਕਾਰ ਦੀ ਇਸ ਵੱਡੀ ਭੁੱਲ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਸਿਰਸਾ ਨੇ ਆਪ ਦੇ ਸਾਂਸਦ ਭਗਵੰਤ ਮਾਨ ਵੱਲੋਂ ਭਗਤ ਸਿੰਘ ਦੀ ਤਰ੍ਹਾਂ ਪੀਲੀ ਪੱਗ ਬਨਣ ਨੂੰ ਨੌਟੰਕੀ ਦੱਸਦੇ ਹੋਏ ਇਸ ਨੌਟੰਕੀ ਵੱਲ ਕੇਜਰੀਵਾਲ ਦਾ ਧਿਆਨ ਨਾ ਪਾਉਣ ਤੇ ਵਿਅੰਗ ਵੀ ਕੀਤਾ।
ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਸਿਰਸਾ ਨੇ ਕੇਜਰੀਵਾਲ ਦੇ ਸੱਤਲੁਜ ਯਮੂਨਾ ਲਿੰਕ ਨਹਿਰ ਤੇ ਦਿੱਤੇ ਗਏ ਬਿਆਨ ਅਤੇ ਭਗਤ ਸਿੰਘ ਦਾ ਗੈਰ ਸਿੱਖ ਦੇ ਰੂਪ ਵਿਚ ਬੁੱਤ ਲਗਾਉਣ ਨੂੰ ਪੰਜਾਬੀਆਂ ਨਾਲ ਵਿਸ਼ਵਾਸਘਾਤ ਵੀ ਕਰਾਰ ਦਿੱਤਾ। ਸਿਰਸਾ ਨੇ ਇਕ ਸਵਾਲ ਦੇ ਜਵਾਬ ਵਿੱਚ ਰਾਜਸਥਾਨ ਨੂੰ ਪੰਜਾਬ ਤੋਂ ਜਾਉਂਦੇ ਹੋਏ 8 ਐਮ.ਏ.ਐਫ. ਪਾਣੀ ਨੂੰ ਰੋਕਣ ਦਾ ਵੀ ਸਮਰਥਨ ਕੀਤਾ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਬਚਨ ਸਿੰਘ ਚੀਮਾ, ਦਰਸ਼ਨ ਸਿੰਘ, ਮਨਮਿੰਦਰ ਸਿੰਘ ਅਯੂਰ, ਕੁਲਦੀਪ ਸਿੰਘ ਸਾਹਨੀ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਬੀਬੀ ਧੀਰਜ ਕੌਰ, ਕੈਪਟਨ ਇੰਦਰਪ੍ਰੀਤ ਸਿੰਘ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ, ਗੁਰਦੁਆਰਾ ਮਾਮਲਿਆਂ ਦੇ ਮੁਖੀ ਇੰਦਰਮੋਹਨ ਸਿੰਘ, ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਹਰਜੀਤ ਸਿੰਘ ਬੇਦੀ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply