Saturday, April 25, 2026

ਗਰਾਂਟ ਯੋਜਨਾ ਦੇ ਜਾਅਲੀ ਫਾਰਮ ਭਰ ਕੇ ਗਰੀਬਾਂ ਨਾਲ ਠੱਗੀ ਮਾਰਨ ਵਾਲੀ ਔਰਤ ਗ੍ਰਿਫਤਾਰ

PPN0104201621
ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਆਵਾਸ ਯੌਜਨਾ, ਨੀਲੇ ਕਾਰਡ ਅਤੇ ਰਾਸ਼ਨ ਕਾਰਡ ਦੇ ਜਾਅਲੀ ਫਾਰਮ ਭਰ ਕੇ ਲੋਕਾਂ ਧੌਖਾਧੜੀ ਕਰਨ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦ ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰਬਰ 31 ਦੀ ਅਬਾਦੀ ਸੁਭਾਸ਼ ਨਗਰ ਮੰਦਰ ਵਾਲੇ ਪਲਾਟਾਂ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਯੋਜਨਾ ਦੇ ਜਾਅਲੀ ਫਾਰਮ ਭਰ ਕੇ ਲੋਕਾਂ ਕੋਲੋਂ ਵੱਡੀਆ ਰਕਮਾਂ ਇਕੱਠੀਆਂ ਕਰਨ ਦੇ ਦੋਸ਼ ਵਿੱਚ ਇੱਕ 54-55 ਸਾਲਾ ਔਰਤ ਸਵਿੰਦਰ ਕੌਰ ਪਤਨੀ ਸਰੂਪ ਸਿੰਘ ਵਾਸੀ ਵੱਡਾ ਦਰਵਾਜ਼ਾ ਬਟਾਲਾ ਨੂੰ ਪੁਲਿਸ ਚੌਕੀ ਸੁਲਤਾਨਵਿੰਡ ਦੀ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗਰੀਬ ਲੋਕਾਂ ਲਈ ਪ੍ਰਧਾਨ ਮੰਤਰੀ ਵਲੋਂ ਐਲਾਨੀ ਗਈ ਪ੍ਰਧਾਨ ਮੰਤਰੀ ਆਵਸ ਯੌਜਨਾ ਤਹਿਤ ਜੋ 150000 ਦੀ ਗਰਾਂਟ ਗਰੀਬਾਂ ਨੂੰ ਨਵਾਂ ਮਕਾਨ ਬਣਾਉਣ ਜਾਂ ਪੁਰਾਣਾ ਮੁਰੰਮਤ ਕਰਨ ਲਈ ਨਗਰ ਨਿਗਮ ਰਾਹੀਂ ਦਿਤੀ ਜਾਣੀ ਹੈ, ਦੇ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 21 ਮਾਰਚ ਤਾਂ ਖਤਮ ਹੋ ਚੁੱਕੀ ਹੈ, ਲੇਕਿਨ ਬਟਾਲਾ ਦੀ ਰਹਿਣ ਵਾਲੀ ਇੱਕ ਅੋਰਤ ਵਲੋਂ ਭੋਲੇ ਭਾਲੇ ਗਰੀਬ ਲੋਕਾਂ ਕੋਲੋਂ ਫਾਰਮ ਭਰਨ ਦੇ ਨਾਮ ‘ਤੇ 220 ਰੁਪਏ ਪ੍ਰਤੀ ਫਾਰਮ ਫੀਸ ਵਸੂਲ ਕੇ ਠੱਗੀ ਕੀਤੀ ਜਾ ਰਹੀ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਇਲਕੇ ਦੀ ਮੋਹਤਬਰ ਬੀਬੀ ਗਿਆਨ ਕੌਰ ਨੇ ਦੱਸਿਆ ਕਿ ਉਸ ਨੂੰ ਲੋਕਾਂ ਨੇ ਇਤਲਾਹ ਦਿੱਤੀ ਸੀ ਕਿ ਸੁਭਾਸ਼ ਕਲੌਨੀ ਦੇ ਵਸਨੀਕ ਸੁਵਿੰਦਰ ਸਿੰਘ ਦੇ ਘਰ ਫਾਰਮ ਭਰਵਾ ਰਹੀਆਂ ਗਰੀਬ ਮਰਦ ਤੇ ਔਰਤਾਂ ਜਿੰਨਾਂ ਵਿੱਚ ਅਮਰੀਕੋ, ਸਰਬਜੀਤ ਕੌਰ, ਬਲਬੀਰ ਕੌਰ, ਸੁਰਜੀਤ ਕੌਰ, ਮਿੰਦੀ, ਗੁਰਮੀਤ ਕੌਰ, ਸੰਤੋਖ ਸਿੰਘ, ਨਿਸ਼ਾਨ ਸਿੰਘ, ਬਚਨ ਸਿੰਘ ਬਲਦੇਵ ਸਿੰਘ ਤੇ ਅਕਾਸ਼ਦੀਪ ਆਦਿ ਸ਼ਾਮਲ ਸਨ, ਨੇ ਉਸ ਨੂੰ ਦੱਸਿਆ ਕਿ ਫਾਰਮ ਭਰਨ ਲਈ ਉਨਾਂ ਪਾਸੋਂ ਪ੍ਰਤੀ ਫਾਰਮ 220 ਰੁਪਏ ਲਏ ਜਾ ਰਹੇ ਹਨ, ਜਦਕਿ ਇਹ ਫਾਰਮ ਸਰਕਾਰ ਵਲੋਂ ਮੁਫਤ ਦਿਤੇ ਜਾਂਦੇ ਹਨ। ਗਿਆਨ ਕੌਰ ਨੇ ਕਿਹਾ ਕਿ ਮਾਮਲਾ ਸ਼ੱਕੀ ਵੇਖ ਕੇ ਉਨਾਂ ਨੇ ਪੁਲਿਸ ਨੂੰ ਇਲਤਾਹ ਦਿਤੀ ਤਾਂ ਇਕ ਔਰਤ ਤੇ ਘਰ ਦੇ ਮਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।ਉਸ ਨੇ ਦੱਸਿਆ ਕਿ ਔਰਤ ਪਾਸੋਂ ਕਾਫੀ ਗਿਣਤੀ ‘ਚ ਫੋਟੋ ਸਟੇਟ ਕੀਤੇ ਖਾਲੀ ਅਤੇ ਭਰੇ ਹੋਏ ਫਾਰਮ ਵੀ ਬਰਾਮਦ ਹੋਏ ਹਨ।
ਇਸ ਸਮੇਂ ਮੌਜੂਦ ਵੱਡੀ ਗਿਣਤੀ ‘ਚ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਤੇ ਮਰਦਾਂ ਨੇ ਦੱਸਿਆ ਕਿ ਧੋਖਾਧੜੀ ਕਰਨ ਵਾਲੀ ਔਰਤ ਨੇ ਹਰ ਘਰ ਵਿਚੋਂ ਘਰ ਦੇ ਮੁਖੀ, ਉਸ ਦੀ ਪਤਨੀ ਅਤੇ ਬੱਚਿਆਂ ਦੇ ਨਾਮ ‘ਤੇ ਫਾਰਮ ਭਰ ਕੇ ਪੈਸੇ ਇਕੱਠੇ ਕੀਤੇ ਹਨ, ਜੋ ਕਿ ਦਿਹਾੜੀ ਵਗੈਰਾ ਕਰਕੇ ਮੁਸ਼ਕਲ ਨਾਲ ਘਰ ਚਲਾ ਰਹੇ ਗਰੀਬਾਂ ਨਾਲ ਸਰਾਸਰ ਧੱਕਾ ਹੈ ਤੇ ਠੱਗੀ ਹੈ।ਉਨਾਂ ਨੇ ਮੰਗ ਕੀਤੀ ਕਿ ਫੜੀ ਗਈ ਔਰਤ ਪਾਸੋਂ ਵਸੂਲੀ ਗਈ ਰਕਮ ਬਰਾਮਦ ਕਰ ਕੇ ਉਨਾਂ ਨੂੰ ਵਾਪਸ ਦਿਵਾਈ ਜਾਵੇ।
ਕੀ ਕਹਿੰਦੇ ਹਨ ਇਲਾਕਾ ਕੌਂਸਲਰ
ਇਸ ਸਮੇਂ ਮੌਜੂਦ ਇਲਾਕਾ ਕੌਂਸਲਰ ਭੁਪਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਪ੍ਰਦਾਨ ਮੰਤਰੀ ਆਵਸ ਯੋਜਨਾ ਤੇ ਹੋਰ ਕਾਰਡਾਂ ਦੇ ਫਾਰਮ ਭਰਨ ਦਾ ਮਾਮਲਾ ਉਨਾਂ ਦੇ ਨੋਟਿਸ ਵਿੱਚ ਆਇਆ ਹੈ। ਜੋ ਕਿ ਸਿੱਧੀ ਧੋਖਾਧੜੀ ਹੈ।ਉਨਾਂ ਕਿਹਾ ਸਰਕਾਰ ਵਲੋਂ ਐਲਾਨੀਆਂ ਗਈਆਂ ਸਕੀਮਾਂ ਲੋਕਾਂ ਤੱਕ ਸਮੇਂ ਸਮੇਂ ਪੁੱਜਦੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਿਸੇ ਕੋਲੋਂ ਕੋਈ ਵੀ ਪੇੈਾ ਨਹੀਂ ਵਸੂਲ਼ਿਆ ਜਾਂਦਾ। ਇਸ ਲਈ ਜੋ ਵੀ ਗਰੀਬਾਂ ਨਾਲ ਧੋਖਾਧੜੀ ਕਰ ਰਿਹਾ ਹੈ, ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਕੀ ਕਹਿੰਦੇ ਹਨ ਪੁਲਿਸ ਚੌਕੀ ਇੰਚਾਰਜ
ਉਧਰ ਪੁਲਿਸ ਚੌਕੀ ਸੁਲਤਾਨਵਿੰਡ ਦੇ ਇੰਚਾਰਜ਼ ਏ.ਐਸ.ਆਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਾਅਲੀ ਫਾਰਮ ਭਰ ਕੇ ਲੋਕਾਂ ਨਾਲ ਧੋਖਾ ਕਰ ਰਹੀ ਔਰਤ ਪਾਸੋਂ ਬਰੀਕੀ ਨਾਲ ਪੁਛਗਿੱਛ ਕਰਕੇ ਉਸ ਦੇ ਸਾਥੀਆਂ ਦਾ ਪਤਾ ਲਗਾ ਕੇ ਧੋਖਾਧੜੀ ਦੇ ਸਕੈਂਡਲ ਦਾ ਪਰਦਾਫਾਸ਼ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਿਆਦਾਤਰ ਪੀੜ੍ਹਤ ਦਿਾਹੜੀਦਾਰ ਮਜਦੂਰ
ਇਸ ਸਮੇਂ ਜੋ ਮਰਦ ਤੇ ਔਰਤਾਂ ਸਨ, ਉਨਾਂ ਵਿੱਚ ਜਿਆਦਾਤਰ ਗਰੀਬ ਵਰਗ ਨਾਲ ਸਬੰਧਤ ਸਨ, ਜਿੰਨਾਂ ਦੇ ਮਰਦ ਮਿਹਨਤ ਮਜਦੂਰੀ ਤੇ ਦਿਹਾੜੀ ਲਗਾ ਕੇ ਘਰ ਚਲਾ ਰਹੇ ਹਨ ਅਤੇ ਕਈ 60-70 ਸਾਲ ਦੀਆਂ ਔਰਤਾਂ ਵੀ ਮਿਲੀਆਂ ਜਿੰਨਾ ਦਾ ਕਹਿਣਾ ਸੀ ਕਿ ਉਨਾਂ ਦੀ ਆਮਦਨ ਦਾ ਸਾਧਨ ਨਾ ਹੋਣ ਕਰਕੇ ਉਹ ਖੁਦ ਮਜਦੂਰੀ ਕਰਦੀਆਂ ਹਨ।ਉਨਾਂ ਇਹ ਵੀ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਗਰੀਬਾਂ ਦੀ ਸਾਰ ਨਹੀਂ ਲੈਂਦੇ ਅਤੇ ਇਸੇ ਕਰਕੇ ਚਾਤਰ ਤੇ ਸ਼ੈਤਾਨ ਲੋਕ ਉਨਾਂ ਵਰਗੇ ਲੋਕਾਂ ਨੂੰ ਗੁਮਰਾਹ ਕਰਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।
‘ਮਾਮੇ ਦੀ ਧੀ ਚੱਲੀ ਤੇ ਮੈਂ ਕਿਓਂ ਰਹਾਂ ਕੱਲੀ’
ਇੱਕ 70 ਕੁ ਸਾਲ ਦੀ 100 ਰੁਪੇ ਦਿਹਾੜੀ ‘ਤੇ ਕੰਮ ਕਰਦੀ ਔਰਤ ਨਰਿੰਦਰ ਕੌਰ ਨੇ ਕਿਹਾ ਕਿ ਲੋਕਾਂ ਵੱਲ ਵੇਖ ਕੇ ਉਸ ਨੇ ਵੀ ਕਿਸੇ ਕੋਲੋਂ ਹੁਦਾਰੇ ਫੜ ਕੇ 250 ਰੁਪਏ ਦੇ ਕੇ ਫਾਰਮ ਭਰਵਾਇਆ ਹੈ ਹੱਸਦਿਆਂ ਉਸ ਨੇ ਕਿਹਾ ਕਿ ਮੈਂ ਸੋਚਿਆ ‘ਮਾਮੇ ਦੀ ਧੀ ਚੱਲੀ ਤੇ ਮੈਂ ਕਿਓਂ ਰਹਾਂ ਕੱਲੀ’ ਲੇਕਿਨ ਹੁਣ ਫਿਕਰ ਹੈ ਕਿ ਹੁਦਾਰੇ ਲਏ 250 ਕਿਵੇਂ ਮੋੜਨੇ ਹਨ। ਇਸ ਮੌਕੇ ਜੋਗਿੰਦਰ ਸਿੰਘ, ਵਿੱਕੀ ਸਾਗਰ, ਭੱਲੀ ਪ੍ਰਧਾਨਮਿੰਟੂ ਪ੍ਰਦਾਨ, ਸੁਦੇਸ਼ ਸਰੀਨ ਆਦਿ ਵੀ ਮੌਜੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply