ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ)- ਜ਼ਿਲ੍ਹੇ ਦੀਆਂ ਮੰਡੀਆਂ ਵਿਚ 5,70,000 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਦਕਿ ਪਿਛਲੇ ਸਾਲ 4,49,000 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦੇ ਜਾਇਜ਼ੇ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਮੌਕੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਵਾਸਤੇ 56 ਖ਼ਰੀਦ ਕੇਂਦਰ ਬਣਾਏ ਗਏ ਹਨ ਜਿਨ੍ਹਾਂ ‘ਤੇ ਨਜ਼ਰ ਰੱਖਣ ਲਈ ਐਸ. ਡੀ. ਐਮਜ਼ ਅਤੇ ਤਹਿਸੀਲਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਖ਼ਰੀਦ ਲਈ ਵੱਖ-ਵੱਖ ਖ਼ਰੀਦ ਏਜੰਸੀਆਂ ਦਾ ਹਿੱਸਾ ਨਿਰਧਾਰਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਪੰਜਾਬ ਐਗਰੋ, ਫੂਡ ਕਾਰਪੋਰੇਸ਼ਨ ਆਫ ਇੰਡੀਆ ਅਤੇ ਹੋਰਨਾਂ ਵੱਖ-ਵੱਖ ਏਜੰਸੀਆਂ ਵੱਲੋਂ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਲਈ ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ। ਇਸ ਤੋਂ ਇਲਾਵਾ ਮੰਡੀਆਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾਂ ਅਤੇ ਤਰਪਾਲਾਂ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੋਲੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲੋੜ ਅਨੁਸਾਰ ਲੇਬਰ ਵਧਾਈ ਜਾਵੇ ਅਤੇ ਗੋਦਾਮ ਖੋਲ੍ਹਣ ਦਾ ਸਮਾਂ ਵੀ ਤਬਦੀਲ ਕੀਤਾ ਜਾਵੇ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 24 ਘੰਟੇ ਵਿਚ ਲਿਫਟਿੰਗ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਸਕੇ।
ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਕਿਹਾ ਕਿ ਉਹ ਜਾਰੀ ਹਦਾਇਤਾਂ ਮੁਤਾਬਿਕ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਖ਼ਰੀਦ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਆਈ. ਏ. ਐਸ ਡਾ. ਪ੍ਰੀਤੀ ਯਾਦਵ, ਸਹਾਹਿਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ. ਡੀ. ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ, ਐਸ. ਡੀ. ਐਮ ਬਾਬਾ ਬਕਾਲਾ ਸ੍ਰੀ ਆਰ. ਕੇ ਪੋਪਲੀ, ਐਸ. ਡੀ. ਐਮ ਅਜਨਾਲਾ ਡਾ. ਅਨੁਪ੍ਰੀਤ ਕੌਰ. ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਮੈਡਮ ਲਵਜੀਤ ਕਲਸੀ, ਡੀ. ਐਫ. ਐਸ. ਸੀ ਸ. ਨਿਰਮਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਛੀਨਾ ਤੋਂ ਇਲਾਵਾ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀ, ਟ੍ਰਾਂਸਪੋਰਟਰ ਅਤੇ ਲੇਬਰ ਯੂਨੀਅਨ ਦੇ ਆਗੂ ਅਤੇ ਨੁਮਾਇੰਦੇ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media