Saturday, June 29, 2024

ਦਿੱਲੀ ਕਮੇਟੀ ਵਫ਼ਦ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਮਸਲੇ ‘ਤੇ ਉਪ ਰਾਜਪਾਲ ਨੂੰ ਮਿਲੇ

ਨਵੀਂ ਦਿੱਲੀ, 11 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਭਾਈ ਮਤੀ ਦਾਸ ਚੌਂਕ ਅਤੇ ਪਿਆਊ ਦਾ ਮਸਲਾ ਅੱਜ ਦਿੱਲੀ ਦੇ ਉਪਰਾਜਪਾਲ ਨਜ਼ੀਬਜੰਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਸਾਂਝਾ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਗਏ ਵਫ਼ਦ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ‘ਤੇ ਬੁਲਡੋਜ਼ਰ ਚਲਾਉਣ ਦਾ ਫੈਸਲਾ ਦਿੱਲੀ ਸਰਕਾਰ ਵੱਲੋਂ ਲਏ ਜਾਣ ਦੀ ਜਾਣਕਾਰੀ ਉਪ ਰਾਜਪਾਲ ਨੂੰ ਦਿੰਦੇ ਹੋਏ ਇਸ ਮਸਲੇ ‘ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਗੁਰਦੁਆਰਾ ਕੰਪਲੈਕਸ ਦੇ ਹੈਰੀਟੇਜ ਇਮਾਰਤ ਵਿਚ ਆਉਣ ਸਬੰਧੀ ਤਰਕ ਪੇਸ਼ ਕੀਤੇ। ਇਸ ਵਫ਼ਦ ਵਿਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ ਅਤੇ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ. ਮੌਜੂਦ ਸਨ।
ਜੀ.ਕੇ. ਨੇ ਇਸ ਪੂਰੇ ਘਟਨਾਕ੍ਰਮ ਦੇ ਬਾਰੇ ਉਪਰਾਜਪਾਲ ਨੂੰ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਵੀ ਦੋਸ਼ ਲਗਾਇਆ।ਜੀ.ਕੇ ਨੇ ਦੱਸਿਆ ਕਿ ਉਪ ਰਾਜਪਾਲ ਵੱਲੋਂ ਵਫਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਕਮੇਟੀ ਪ੍ਰਬੰਧਕਾਂ ਨੂੰ ਇਸ ਬਾਬਤ ਸਰਕਾਰ ਵੱਲੋਂ ਗੈਰਕਾਨੂੰਨੀ ਧਾਰਮਿਕ ਢਾਂਚਿਆਂ ਬਾਰੇ ਪੱਖ ਸੁਣਨ ਲਈ ਪ੍ਰਮਾਣਿਤ ਅਧਿਕਾਰੀ ਗ੍ਰਹਿ ਸਕੱਤਰ ਦਿੱਲੀ ਸਰਕਾਰ ਨੂੰ ਮਿਲਣ ਦੀ ਹਿਦਾਇਤ ਦਿੱਤੀ ਗਈ।
ਇਥੇ ਇਹ ਜਿਕਰਯੋਗ ਹੈ ਕਿ 8 ਅਪ੍ਰੈਲ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਕਮੇਟੀ ਨੂੰ ਭਾਈ ਮਤੀ ਦਾਸ ਚੌਂਕ ਨੂੰ ਪੁਰਾਤਨ ਸਾਬਿਤ ਕਰਨ ਵਾਸਤੇ ਦਿੱਲੀ ਦੇ ਗੈਰ ਕਾਨੂੰਨੀ ਧਾਰਮਿਕ ਢਾਂਚਾ ਕਮੇਟੀ ਦੇ ਚੇਅਰਮੈਨ ਉਪਰਾਜਪਾਲ ਨੂੰ ਮਿਲ ਕੇ 15 ਦਿਨਾਂ ਵਿਚ ਆਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਤੋਂ ਬਾਅਦ ਹਰਕਤ ਵਿਚ ਆਏ ਕਮੇਟੀ ਪ੍ਰਬੰਧਕਾਂ ਨੇ ਕੱਲ ਪੰਜਾਬ ਦੇ ਉਪ ਮੁਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਹੀ ਹੇਠ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ।ਇਸ ਮੁਲਾਕਾਤ ਦੌਰਾਨ ਰਾਜਨਾਥ ਸਿੰਘ ਨੇ ਕਮੇਟੀ ਨੂੰ ਆਪਣਾ ਪੱਖ ਉਪਰਾਜਪਾਲ ਕੋਲ ਰੱਖਣ ਦੀ ਸਲਾਹ ਦਿੱਤੀ ਸੀ।
ਮੀਟਿੰਗ ਤੋਂ ਬਾਅਦ ਉਪਰਾਜਪਾਲ ਦੇ ਗ੍ਰਹਿ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਕੱਲ ਦਿੱਲੀ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਮਿਲਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਸਾਫ਼ ਕਿਹਾ ਕਿ ਜਿਥੇ ਕਮੇਟੀ ਦੀ ਕੋਸ਼ਿਸ਼ ਇਸ ਮਸਲੇ ਦਾ ਹਲ ਸ਼ਾਂਤੀ ਨਾਲ ਕਾਨੂੰਨ ਦੀ ਹੱਦ ਵਿਚ ਕੱਢਣ ਦੀ ਹੈ ਉਥੇੇ ਨਾਲ ਹੀ ਇਸ ਸਾਰੇ ਘਟਨਾਕ੍ਰਮ ਦੇ ਦੋਸ਼ੀ ਸਿਆਸ਼ੀ ਆਗੂਆਂ ਤੇ ਲੱਗੇ ਆਰੋਪਾ ਨੂੰ ਸੰਗਤਾਂ ਦੀ ਕਚਹਿਰੀ ਵਿਚ ਤੱਥਾਂ ਨਾਲ ਰਖਿਆ ਜਾਵੇਗਾ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …

Leave a Reply