Saturday, June 29, 2024

ਪੰਜਾਬ ਕਿਸਾਨਾਂ ਲਈ ਬੀਮਾ ਯੋਜਨਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ – ਮਜੀਠੀਆ

PPN1104201607ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ) -‘ਸਮਾਜ ਦੇ ਮਿਹਨਤੀ ਅਤੇ ਲੋੜਵੰਦ ਵਰਗ ਪ੍ਰਤੀ ਆਪਣੀ ਜ਼ਿਮੇਵਾਰੀ ਨਿਭਾਉਂਦੀਆਂ ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ, ਇਸ ਸਕੀਮ ਤਹਿਤ 28.90 ਲੱਖ ਨੀਲਾ ਕਾਰਡ ਧਾਰਕ ਪਰਿਵਾਰਾਂ, 11 ਲੱਖ ਕਿਸਾਨ ਪਰਿਵਾਰਾਂ, 2.33 ਲੱਖ ਛੋਟੇ ਵਪਾਰੀਆਂ ਅਤੇ 2.34 ਲੱਖ ਉਸਾਰੀ ਖੇਤਰ ਵਿਚ ਲੱਗੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਲਾਨਾ 50 ਹਜ਼ਾਰ ਰੁਪਏ ਤੱਕ ਦਾ ਮੁਫਤ ਇਲਾਜ ਨਿੱਜੀ ਹਸਪਤਲਾਂ ਵਿਚ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਣ ‘ਤੇ ਪਰਿਵਾਰ ਨੂੰ ਸਹਾਇਤਾ ਵਜੋਂ 5 ਲੱਖ ਰੁਪਏ ਦੀ ਬੀਮਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ।’ ਉਕਤ ਸਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਿਸਾਨਾਂ ਨੂੰ ਕਾਰਡ ਵੰਡਣ ਲਈ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਭਗ 116 ਕਰੋੜ ਰੁਪਏ ਦੀ ਰਾਸ਼ੀ ਇਸ ਸਕੀਮ ਲਈ ਖਰਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਇਹ ਯੋਜਨਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਮੁਫਤ ਇਲਾਜ ਦੀ ਸਹੂਲਤ ਰਾਜ ਵਿਚ ਮੌਜੂਦ 418 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚੋਂ ਮਿਲ ਸਕੇਗੀ।
ਅੱਜ ਅਮ੍ਰਿਤਸਰ ਵਿਚ ਇਸ ਸਕੀਮ ਦੀ ਰਸਮੀ ਸ਼ੁਰੂਆਤ ਕਰਦੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਦੇਸ਼ ਦੀ ਇਸ ਨਿਵੇਕਲੀ ਕਿਸਾਨ ਪੱਖੀ ਸਕੀਮ ਵਿਚ ਹਰੇਕ ਕਿਸਾਨ ਜੋ ਆਪਣੀ ਫਸਲ ਮੰਡੀ ਵਿਚ ਵੇਚਦਾ ਹੈ, ਜੇ ਫਾਰਮ ਦੇ ਕੇ ਜਾਂ ਜ਼ਮੀਨ ਦੀ ਜਮਾਬੰਦੀ ਦੀ ਨਕਲ ਦੇ ਕੇ ਮੈਂਬਰ ਬਣ ਸਕਦਾ ਹੈ। ਉਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਅੱਜ ਪੰਜਾਬ ਭਰ ਵਿਚ ਸਮਾਗਮ ਕਰਕੇ ਸਰਕਾਰ ਵਲੋਂ ਪਹਿਲੇ ਪੜਾਅ ਵਿੱਚ ਤਿੰਨ ਲੱਖ ਕਿਸਾਨਾਂ ਨੂੰ ਸਿਹਤ ਕਾਰਡ ਵੰਡੇ ਜਾ ਰਹੇ ਹਨ ਅਤੇ ਇਸ ਦਾ ਦੂਸਰਾ ਪੜਾਅ ਮਈ ਮਹੀਨੇ ਵਿਚ ਆਰੰਭ ਕੀਤਾ ਜਾਵੇਗਾ। ਇਸ ਸਕੀਮ ਦੀ ਮੁੱਖ ਵਿਸ਼ੇਸ਼ਤਾ ਦਾ ਖੁਲਾਸਾ ਕਰਦੇ ਉਨਾਂ ਦੱਸਿਆ ਕਿ ਇਸ ਮੁਫ਼ਤ ਸਿਹਤ ਬੀਮਾ ਯੋਜਨਾ ਲਈ ਸਾਲਾਨਾ ਪ੍ਰੀਮੀਅਮ ਦੀ ਕਿਸ਼ਤ ਮਾਰਕਿਟ ਕਮੇਟੀ ਦੁਆਰਾ ਭਰੀ ਜਾਵੇਗੀ ਅਤੇ ਕਿਸਾਨ ‘ਤੇ ਇਸ ਦਾ ਕੋਈ ਬੋਝ ਨਹੀਂ ਪਵੇਗਾ।
ਸ. ਮਜੀਠੀਆ ਨੇ ਹਾਜ਼ਰ ਕਿਸਾਨਾਂ ਨੂੰ ਖੂਨ ਦੇ ਰਿਸ਼ਤੇ ਵਿਚ ਜਾਇਦਾਦ ਦੀ ਤਬਦੀਲੀ ਲਈ ਮੁਆਫ ਕੀਤੀ ਰਜਿਸਟਰੀ ਫੀਸ ਦਾ ਜ਼ਿਕਰ ਕਰਦੇ ਆਪਣੀਆਂ ਜ਼ਮੀਨਾਂ ਦਾ ਕਾਨੂੰਨੀ ਤਬਾਦਲਾ ਕਰਨ ਦੀ ਅਪੀਲ ਵੀ ਕੀਤੀ, ਤਾਂ ਜੋ ਭਵਿੱਖ ਵਿਚ ਜ਼ਮੀਨ ਨੂੰ ਲੈ ਕੇ ਕਿਸਾਨਾਂ ਦਾ ਕੋਈ ਝਗੜਾ ਨਾ ਪਵੇ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਛੇਤੀ ਹੀ ਕਿਸਾਨਾਂ ਨੂੰ ਹਾੜੀ-ਸਾਉਣੀ ਦੀ ਬਿਜਾਈ ਲਈ ਇਕ ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦੇਣ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ. ਮਜੀਠੀਆ ਨੇ ਕਿਹਾ ਕਿ ਐਸ ਵਾਈ ਐਲ ਮੁੱਦਾ, ਜੋ ਕਿ ਪੰਜਾਬ ਲਈ ਅਤੀ ਗੰਭੀਰ ਹੈ, ‘ਤੇ ਪਹਿਲਾਂ ਕਾਂਗਰਸ ਸਰਕਾਰਾਂ ਸਿਆਸਤ ਕਰਦੀਆਂ ਰਹੀਆਂ ਅਤੇ ਹੁਣ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਸਿਆਸਤ ਖੇਡ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਪੰਜਾਬ ਦੇ ਹੱਕ ਦੀ ਗੱਲ ਅਤੇ ਦਿੱਲੀ ਜਾ ਕੇ ਪੰਜਾਬ ਦਾ ਵਿਰੋਧ ਕਰਨਾ ਕੇਜਰੀਵਾਲ ਦਾ ਚਿਹਰਾ ਨੰਗਾ ਕਰ ਦਿੰਦਾ ਹੈ।
ਅੱਜ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ. ਅਮਰਪਾਲ ਸਿੰਘ ਬੋਨੀ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਵਿਧਾਇਕ ਮਨਜੀਤ ਸਿੰਘ ਮੰਨਾ, ਚੇਅਰਮੈਨ ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ, ਐਸ ਡੀ ਐਮ ਰੋਹਿਤ ਗੁਪਤਾ, ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਗੁਰਿੰਦਰ ਸਿੰਘ ਲਾਲੀ ਰਣੀਕੇ, ਗੁਰਪ੍ਰਤਾਪ ਸਿੰਘ ਟਿੱਕਾ, ਗੁਰਪ੍ਰੀਤ ਸਿੰਘ ਰੰਧਾਵਾ ਚੇਅਰਮੈਨ, ਬਾਵਾ ਸਿੰਘ ਗੁਮਾਨਪੁਰਾ, ਅਵਤਾਰ ਸਿੰਘ ਟਰੱਕਾਂ ਵਾਲੇ, ਸੁਰਜੀਤ ਸਿੰਘ ਭਿੱਟੇਵੱਢ, ਤਰਸੇਮ ਸਿੰਘ ਸਿਆਲਕਾ ਅਤੇ ਹੋਰ ਆਗੂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply