Friday, April 10, 2026

ਬੀ. ਆਰ. ਟੀ. ਐਸ ਪ੍ਰਾਜੈਕਟ ਸਤੰਬਰ ਮਹੀਨੇ ਤੱਕ ਨੇਪਰੇ ਚਾੜਿਆ ਜਾਵੇ – ਵੇਣੂੰ ਪ੍ਰਸ਼ਾਦ

PPN1105201607ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ)-ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ ਦੇ ਐਮ ਡੀ ਸ੍ਰੀ ਏ. ਵੇਣੂੰ ਪ੍ਰਸ਼ਾਦ ਨੇ ਅੱਜ ਅੰਮ੍ਰਿਤਸਰ ਵਿਚ ਚੱਲ ਰਹੇ ਬੱਸ ਰੈਪਿਡ ਟਰਾਂਜਿਟ ਸਿਸਟਮ ਦੀ ਪ੍ਰਗਤੀ ਦਾ ਜਾਇਜ਼ਾ ਮੀਟਿੰਗ ਵਿਚ ਲਿਆ ਅਤੇ ਸ਼ਹਿਰ ਦੀ ਤਸਵੀਰ ਬਦਲ ਦੇਣ ਵਾਲੇ ਇਸ ਪ੍ਰਾਜੈਕਟ ਨੂੰ ਸਤੰਬਰ ਮਹੀਨੇ ਤੱਕ ਹਰ ਹਾਲਤ ਨੇਪਰੇ ਚਾੜਨ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਸ ਪ੍ਰਾਜੈਕਟ ਨੂੰ ਛੇਤੀ ਜਨਤਾ ਦੇ ਸੁਪਰਦ ਕਰਨਾ ਚਾਹੁੰਦੇ ਹਨ, ਇਸ ਲਈ ਇਸ ਕੰਮ ਵਿਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ 7 ਕਾਰੀਡੋਰ ‘ਤੇ ਚੱਲ ਰਿਹਾ ਹੈ। ਉਨਾਂ ਇਸ ਪਾਜੈਕਟ ਵਿਚਾਲੇ ਆ ਰਹੀਆਂ ਕੁੱਝ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ ਨੂੰ ਹਟਾਉਣ ਬਾਬਤ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਦੀ ਤਿਆਰੀ ਕਾਰਨ ਛੇਹਰਟਾ, ਬਟਾਲਾ ਰੋਡ ਅਤੇ ਯੂਨੀਵਰਸਿਟੀ ਨੇੜੇ ਪ੍ਰਭਾਵਿਤ ਹੋਏ ਸੀਵਰੇਜ ਨੂੰ ਠੀਕ ਕਰਨ ਬਾਬਤ ਹੁਕਮ ਦਿੰਦੇ ਉਨਾਂ ਕਿਹਾ ਕਿ ਕਾਰਪੋਰੇਸ਼ਨ ਇਸ ਲਈ ਜਿੰਨੇ ਫੰਡ ਚਾਹੀਦੇ ਹਨ, ਸਾਡੇ ਕੋਲੋਂ ਲਏ ਲਵੇ, ਪਰ ਕੰਮ ਛੇਤੀ ਤੋਂ ਛੇਤੀ ਕਰਵਾ ਦੇਵੇ, ਤਾਂ ਜੋ ਸ਼ਹਿਰੀਆਂ ਨੂੰ ਕੋਈ ਔਖ ਨਾ ਆਵੇ।
ਸ੍ਰੀ ਪਸ਼ਾਦ ਨੇ ਇਸ ਸਬੰਧੀ ਵਿਸਥਾਰ ਵਿਚ ਟ੍ਰੈਫਿਕ ਪਲਾਨ ਵੇਖਣ ਮਗਰੋਂ ਕਿਹਾ ਕਿ ਇਸ ਪ੍ਰਾਜੈਕਟ ਦੇ ਹੋਂਦ ਵਿਚ ਆਉਣ ਨਾਲ ਟ੍ਰੈਫਿਕ ਦੀ ਸਮੱਸਿਆ ਪੂਰੀ ਤਰਾਂ ਖਤਮ ਹੋ ਜਾਵੇਗੀ, ਕਿਉਂਕਿ ਹਰ ਕਾਰੀਡੋਰ ‘ਤੇ ਤਿੰਨ ਮਿੰਟ ਦੀ ਬਸ ਸਰਵਿਸ ਰੱਖੀ ਗਈ ਹੈ। ਉਨਾਂ ਹਰ ਬਸ ਸ਼ੈਲਟਰ ‘ਤੇ ਬਿਜਲੀ ਦੇ ਪ੍ਰਬੰਧ ਕਰਨ ਅਤੇ ਇਸ ਕਾਰੀਡੋਰ ਲਈ ਵੱਖਰਾ ਗਰਿਡ ਕਾਇਮ ਕਰਨ ਦੇ ਹੁੱਕਮ ਵੀ ਦਿੱਤੇ, ਤਾਂ ਜੋ ਬੱਸ ਸ਼ੈਲਟਰ ਵਿਚ ਬਿਜਲੀ ਜਾਣ ਦੀ ਸ਼ਿਕਾਇਤ ਨੂੰ ਸੀਮਤ ਕੀਤਾ ਜਾ ਸਕੇ। ਅੱਜ ਦੀ ਇਸ ਮੀਟਿੰਗ ਵਿਚ ਵਿੈਜ ਨਗਰ ਥਾਣੇ ਦੀ ਇਮਾਰਤ ਤਬਦੀਲ ਕਰਨੀ, ਸੀਵਰੇਜ ਦੀ ਕਰਾਸਿੰਗ ਅਤੇ ਬਿਜਲੀ ਦੇ ਕੁਨੈਕਸ਼ਨ ਆਦਿ ਨੂੰ ਲੈ ਕੇ ਵਿਚਾਰਾਂ ਹੋਈਆਂ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਜੀ. ਐਮ. ਫਾਇਨਾਂਸ ਆਰ. ਐਸ. ਬੱਲ, ਡੀ ਸੀ ਪੀ ਜੇ. ਐਲਨਚੇਜ਼ੀਅਨ, ਸੀ ਈ ਓ ਪੁੱਡਾ ਸ੍ਰੀ ਸੰਦੀਪ ਰਿਸ਼ੀ, ਐਕਸੀਅਨ ਜਸਬੀਰ ਸਿੰਘ ਸੋਢੀ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਅਤੇ ਬੀ ਆਰ ਟੀ ਐਸ ਦੇ ਕੰਮ ਵਿਚ ਲੱਗੀ ਏਜੰਸੀ ਦੇ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply