Thursday, July 4, 2024

ਰਾਜਮਾਂਹ ਦੀ ਖੇਤੀ ਨੇ ਜਗਾਈ ਕਿਸਾਨਾਂ ਵਿਚ ਨਵੀਂ ਉਮੀਦ

PPN1105201608ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ)-ਇਕ ਪਾਸੇ ਜਿੱਥੇ ਹੋਰ ਰੋਜ਼ ਕਿਸਾਨ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ, ਉਥੇ ਹਿੰਮਤੀ ਅਤੇ ਵੱਡੀ ਸੋਚ ਰੱਖਣ ਵਾਲੇ ਕਿਸਾਨਾਂ ਨੇ ਪੰਜਾਬ ਵਿਚ ਰਾਜਮਾਂਹ ਦੀ ਖੇਤੀ ਕਰਕੇ ਕਣਕ ਦਾ ਚੰਗਾ ਬਦਲ ਲੱਭ ਲਿਆ ਹੈ। ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਜੇ ਰਾਜਮਾਂਹ ਦੀ ਖੇਤੀ ਪੰਜਾਬ ਵਿਚ ਕਰਨ ਬਾਬਤ ਕੋਈ ਤਕਨੀਕ, ਬੀਜ, ਸਿੰਚਾਈ ਜਾਂ ਹੋਰ ਤਕਨੀਕੀ ਸਿਫਾਰਸ਼ ਨਹੀਂ ਕੀਤੀ, ਪਰ ਸਰਹੱਦੀ ਪੱਟੀ ਦੇ ਕਿਸਾਨਾਂ ਨੇ ਆਪਣੀ ਵਿਗਿਆਨਕ ਸੋਚ ਨਾਲ ਇਸ ਨੂੰ ਪਛੇਤੀ ਕਣਕ ਦੇ ਚੰਗੇ ਬਦਲ ਵਜੋਂ ਪੇਸ਼ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਮਾਨਾਂਵਾਲਾ ਨੇੜੇ ਇਕ ਕਿਸਾਨ ਪਰਿਵਾਰ ਨੇ ਰਾਜਮਾਂਹ ਦੀ ਸਫਲ ਖੇਤੀ ਸਥਾਨਕ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਨਾਲ ਕੀਤੀ ਸੀ ਅਤੇ ਉਸ ਨੂੰ ਚੰਗਾ ਮੁਨਾਫਾ ਹੋਣ ‘ਤੇ ਇਸ ਸਾਲ ਮਾਨਾਂਵਾਲਾ, ਮਜੀਠਾ ਅਤੇ ਜੰਡਿਆਲਾ, ਅਜਨਾਲਾ, ਰਈਆ, ਤਰਸਿੱਕਾ, ਚੋਗਾਵਾਂ, ਅਟਾਰੀ ਵੇਰਕਾ ਆਦਿ ਦੇ ਇਲਾਕੇ ਦੇ ਸਬਜੀ ਉਤਪਾਦਕ ਕਿਸਾਨਾਂ ਨੇ ਅਪਨਾ ਲਿਆ। ਇਸ ਸਾਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਰੀਬ 650 ਏਕੜ ਰਕਬਾ ਰਾਜਮਾਂਹ ਦੀ ਖੇਤੀ ਹੇਠ ਆਇਆ ਅਤੇ ਜ਼ਿਆਦਾਤਰ ਆਲੂ, ਮਟਰ ਅਤੇ ਹੋਰ ਸਬਜ਼ੀ ਉਤਪਾਦਕ ਕਿਸਾਨ, ਜੋ ਪਹਿਲਾਂ ਪਛੇਤੀ ਕਣਕ ਬੀਜਦੇ ਸਨ, ਨੇ ਇਸ ਨੂੰ ਬੀਜਿਆ।
ਮੁੱਖ ਖੇਤੀਬਾੜੀ ਅਧਿਕਾਰੀ ਸ. ਬਲਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਹ ਫਸਲ ਪਿਛੇਤੀ ਕਣਕ ਦਾ ਖਾਸ ਤੌਰ ‘ਤੇ ਚੰਗਾ ਬਦਲ ਹੈ, ਕਿਉਂਕਿ ਜਿੱਥੇ ਪਿਛੇਤੀ ਕਣਕ ਦਾ ਘੱਟ ਝਾੜ ਹੋਣ ਕਾਰਨ ਉਹ ਮਸਾਂ 12-13 ਕੁਇੰਟਲ ਪ੍ਰਤੀ ਏਕੜ ਝਾੜ ਤੱਕ ਸੀਮਤ ਰਹਿ ਜਾਂਦੀ ਹੈ, ਉਥੇ ਉਨਾਂ ਦਿਨਾਂ ਵਿਚ ਹੀ ਲਗਾਏ ਰਾਜਮਾਂਹ 6 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦੇ ਹੈ, ਪਰ ਮੁੱਲ ਵਿਚ ਜ਼ਮੀਨ-ਆਸਮਾਨ ਦਾ ਫਰਕ ਹੋਣ ਕਾਰਨ ਇਸ ਤੋਂ ਪੈਸੇ ਦੀ ਵੱਟਤ ਵੱਧ ਹੋ ਜਾਂਦੀ ਹੈ। ਇਸ ਤਰਾਂ ਜਿੱਥੇ ਕਣਕ ਵੇਚ ਕੇ ਮਸਾਂ ਕਿਸਾਨ ਨੂੰ ਪ੍ਰਤੀ ਏਕੜ 15 ਕੁ ਹਜ਼ਾਰ ਰੁਪਏ ਪ੍ਰਾਪਤ ਹੁੰਦੇ ਹਨ, ਉਥੇ ਰਾਜਮਾਂਹ ਤੋਂ 50 ਤੋਂ 52 ਹਜ਼ਾਰ ਰੁਪਏ ਕਮਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਜਨਵਰੀ ਦੇ ਆਖੀਰ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਇਸ ਦੀ ਬਿਜਾਈ ਕਿਸਾਨਾਂ ਨੇ ਕੀਤੀ ਸੀ ਅਤੇ ਮਈ ਦੇ ਸ਼ੁਰੂ ਵਿਚ ਖੇਤ ਖਾਲੀ ਹੋ ਗਏ ਹਨ।
ਉਨਾਂ ਦੱਸਿਆ ਕਿ ਇੰਨਾਂ ਹਿੰਮਤੀ ਕਿਸਾਨਾਂ ਨੂੰ ਵਿਭਾਗ ਨੇ ਕੇਵਲ ਸਲਾਹ-ਮਸ਼ਵਰਾ ਹੀ ਦਿੱਤਾ ਹੈ, ਬਾਕੀ ਤਕਨੀਕ ਇੰਨਾਂ ਆਪਣੇ ਦਿਮਾਗ ਅਤੇ ਮਿਹਨਤ ਨਾਲ ਹੀ ਇਜ਼ਾਦ ਕੀਤੀ ਹੈ। ਉਨਾਂ ਦੱਸਿਆ ਕਿ ਰਾਜਮਾਂਹ ਦੀ ਬਿਜਾਈ ਅਤੇ ਗਹਾਈ ਤੱਕ ਦੀਆਂ ਸਾਰੀਆਂ ਮਸ਼ੀਨਾਂ ਕਿਸਾਨਾਂ ਨੇ ਕਣਕ ਬੀਜਣ ਅਤੇ ਕੱਟਣ ਵਾਲੀਆਂ ਮਸ਼ੀਨਾਂ, ਜਿਸ ਵਿਚ ਕੰਬਾਇਨ ਮੁੱਖ ਤੌਰ ਤੇ ਸ਼ਾਮਿਲ ਹੈ, ਨਾਲ ਮਾਮੂਲੀ ਬਦਲਾਅ ਕਰਕੇ ਤਿਆਰ ਕਰ ਲਈ ਹੈ, ਜੋ ਕਿ ਰਾਜਮਾਂਹ ਦੀ ਗਹਾਈ ਵਿਚ ਪੂਰੀ ਤਰਾਂ ਸਹਿਯੋਗ ਦੇ ਰਹੀ ਹੈ। ਉਨਾਂ ਦੱਸਿਆ ਕਿ ਦਸੰਬਰ-ਜਨਵਰੀ ਵਿਚ ਬੀਜੀ ਗਈ ਇਹ ਫਸਲ ਅਪ੍ਰੈਲ ਦੇ ਅੰਤ ਜਾਂ ਮਈ ਦੇ ਸ਼ੁਰੂ ਵਿਚ ਵੱਢ ਲਈ ਜਾਂਦੀ ਹੈ। ਇਸ ਤਰਾਂ ਇਹ ਖੇਤ ਵੀ ਲਗਭਗ ਕਣਕ ਦੀ ਫਸਲ ਦੇ ਨਾਲ ਹੀ ਖਾਲੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਰਾਜਮਾਂਹ ਦੀ ਫਸਲ ਦੇ ਨਾਲ ਕਮਾਦ ਅਤੇ ਟਮਾਟਰ ਦੀ ਖੇਤੀ ਵੀ ਕੀਤੀ ਹੈ। ਰਾਜਮਾਂਹ ਦੀ ਕਟਾਈ ਹੁਣ ਹੋ ਗਈ ਹੈ ਅਤੇ ਗੰਨੇ ਤੇ ਟਮਾਟਰ ਦੀ ਫਸਲ ਹੇਠੋਂ ਨਿਕਲ ਆਈ ਹੈ। ਸ. ਛੀਨਾ ਨੇ ਦੱਸਿਆ ਕਿ ਕਿਸਾਨਾਂ ਨੇ ਚਿਤਰਾ ਅਤੇ ਲਾਲ ਦੋਵੇਂ ਰਾਜਮਾਂਹ ਬੀਜੇ ਸਨ, ਪਰ ਲਾਲ ਦਾ ਝਾੜ ਕਰੀਬ ਇਕ ਕੁਇੰਟਲ ਘੱਟ ਆਇਆ ਹੈ, ਪਰ ਉਸਦਾ ਮੁੱਲ ਵੱਧ ਹੋਣ ਕਾਰਨ ਕੁੱਲ ਮੁਨਾਫਾ ਇਕੋ ਜਿਹਾ ਹੀ ਰਿਹਾ ਹੈ।
ਅੱਜ ਰਾਜਮਾਂਹ ਦੀ ਗਹਾਈ ਵੇਖਣ ਅਤੇ ਕਿਸਾਨਾਂ ਨਾਲ ਇਸ ਦੀ ਖੇਤੀ ਦੇ ਮਸ਼ਵਰੇ ਸਾਂਝੇ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀ ਹਦਾਇਤ ‘ਤੇ ਐਸ ਡੀ ਐਮ ਬਾਬਾ ਬਕਾਲਾ ਸ੍ਰੀ ਆਰ. ਕੇ. ਪੋਪਲੀ ਨੇ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਆਪ ਕਈ ਪਿੰਡਾਂ ਦਾ ਦੌਰਾ ਕੀਤਾ, ਤਾਂ ਜੋ ਇਸ ਬਾਬਤ ਵੱਧ ਤੋਂ ਵੱਧ ਜਾਣਕਾਰੀ ਰਾਜਮਾਂਹ ਦੀ ਖੇਤੀ ‘ਤੇ ਖੋਜ ਕਰਨ ਵਾਸਤੇ ਮੁੱਖ ਮੰਤਰੀ ਪੰਜਾਬ ਨਾਲ ਸਾਂਝੀ ਕੀਤੀ ਜਾ ਸਕੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply