ਨਵੀਂ ਦਿੱਲੀ, 13 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਕਰਵਾਏ ਜਾਂਦੇ ਮਹੀਨਾਵਾਰੀ ਲੜੀਵਾਰ ਸੈਮੀਨਾਰ ਤਹਿਤ ਇਸ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਲੱਖਣ ਸ਼ਖਸੀਅਤ ਬਾਰੇ ਸੈਮੀਨਾਰ ਕਰਵਾਇਆ ਗਿਆ। ਉੱਘੇ ਸਿੱਖ ਇਤਿਹਾਸਕਾਰ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਨਿਵੇਕਲੀ ਸ਼ਹਾਦਤ ਦੀ ਸਿੱਖ ਫਲਸਫ਼ੇ ਅਤੇ ਸਿੱਖ ਇਤਿਹਾਸ ਦੇ ਪਿੱਛੋਕੜ ਨਾਲ ਜੋੜਕੇ ਜਾਣਕਾਰੀ ਦਿੱਤੀ। ਕਪੂਰ ਨੇ ਬਾਬਾ ਜੀ ਦੀ ਸ਼ਹਾਦਤ ਨਾਲ ਜੁੜੇ ਇਤਿਹਾਸਿਕ ਤਥਾਂ ਦੀ ਪ੍ਰਮਾਣਿਕ ਪੁਸ਼ਟੀ ਕਈ ਬੁੱਧੀਜੀਵੀਆਂ ਦੇ ਹਵਾਲੇ ਨਾਲ ਕਰਦੇ ਹੋਏ ਬਾਬਾ ਜੀ ਨੂੰ ਸਿੱਖ ਕੌਮ ਦਾ ਮਹਾਨ ਜੋਧਾ ਦੱਸਿਆ।
ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਰਦੇ ਹੋਏ ਆਪਣੇ ਵਿੱਦਵਤਾ ਭਰੇ ਵਿਚਾਰ ਰਖੇ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਸਾਫ਼ ਕਿਹਾ ਕਿ ਦਿੱਲੀ ਕਮੇਟੀ ਬਾਬਾ ਜੀ ਦੀ ਸਿੱਖ ਕੌਮ ਨੂੰ ਦਿੱਤੀ ਗਈ ਦੇਣ ਨੂੰ ਸੁਨਹਿਰੀ ਤਰੀਕੇ ਨਾਲ ਪੇਸ਼ਕਾਰੀ ਕਰਕੇ ਸ਼ਤਾਬਦੀ ਸਮਾਗਮਾ ਨੂੰ ਯਾਦਗਾਰੀ ਬਣਾਉਣ ਦਾ ਟੀਚਾ ਮਿੱਥਿਆ ਹੋਇਆ ਹੈ ਪਰ ਗੁਰੂ ਮਹਾਰਾਜ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਦੇ ਬਿਨਾਂ ਇਹ ਕਾਰਜ ਸਿਰੇ ਚੜਨਾ ਆਸਾਨ ਨਹੀਂ ਹੈ।
ਕਮੇਟੀ ਦੇ ਮੁਖ ਸਲਾਹਕਾਰ ਅਤੇ ਅਦਾਰੇ ਦੇ ਕੋਰਡੀਨੇਟਰ ਕੁਲਮੋਹਨ ਸਿੰਘ ਨੇ ਆਏ ਹੋਏ ਸਾਰੇ ਵਿਦਿਵਾਨਾਂ ਦਾ ਧੰਨਵਾਦ ਕੀਤਾ। ਅਕਾਦਮਿਕ ਇੱਕਤ੍ਰਤਾ ਦੀ ਸ਼ੁਰੂਆਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਪ੍ਰਿਸੀਪਲ ਬੀਬੀ ਕਮਲਜੀਤ ਕੌਰ ਅਤੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਅਦਾਰੇ ਦੀ ਡਾਈਰੈਕਟਰ ਬੀਬੀ ਹਰਬੰਸ ਕੌਰ ਸੱਗੂ ਨੇ ਅਦਾਰੇ ਦੀਆਂ ਸਰਗਰਮੀਆਂ ਤੇ ਰੌਸ਼ਨੀ ਪਾਈ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਕਮੇਟੀ ਮੈਂਬਰ ਗੁਰਮੀਤ ਸਿੰਘ ਲੁਬਾਣਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਅਤੇ ਵੱਖ ਕਾਲਜਾਂ ਦੇ ਪ੍ਰੌਫੈਸਰ ਸਾਹਿਬਾਨ ਤੇ ਬੁੱਧੀਜੀਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media