Sunday, March 15, 2026

ਤਸਦੀਕਸ਼ੁਦਾ ਅਰਜ਼ੀ ਦੀ ਪ੍ਰਾਪਤੀ ਪਿੱਛੋਂ 3 ਦਿਨਾਂ ‘ਚ ਪ੍ਰੋਵੀਜ਼ਨਲ ਪੈਨਸ਼ਨ ਮਨਜ਼ੂਰ ਕਰਨਗੇ ਐਸ. ਡੀ. ਐਮ

ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵਲੋਂ ਇਕ ਅਹਿਮ ਲੋਕਪੱਖੀ ਫੈਸਲੇ ਤਹਿਤ ਬੁਢਾਪਾ ਪੈਨਸ਼ਨਾਂ ਦੀ ਪ੍ਰਕ੍ਰਿਆ ਨੂੰ ਸੁਖਾਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਮੰਤਰੀ ਮੰਡਲ ਦੇ ਫੈਸਲੇ ਪਿੱਛੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੁਢਾਪਾ ਪੈਨਸ਼ਨਾਂ ਤੇ ਹੋਰ ਦੂਜੀਆਂ ਵਿੱਤੀ ਸਹਾਇਤਾ ਸਕੀਮਾਂ ਅਧੀਨ ਬਿਨੈਕਾਰਾਂ ਦੀ ਅਰਜ਼ੀ ਫਾਰਮ ਨੂੰ ਤਸਦੀਕ ਕਰਨ ਸਬੰਧੀ ਸੋਧ ਕੀਤੀ ਗਈ ਹੈ, ਜਿਸ ਨਾਲ ਇਹ ਪ੍ਰਕ੍ਰਿਆ ਪਹਿਲਾਂ ਨਾਲੋਂ ਸੌਖੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿਚ ਅਰਜ਼ੀ ਫਾਰਮ ਤਸਦੀਕ ਕਰਨ ਦਾ ਅਧਿਕਾਰ ਸਰਪੰਚ ਤੇ 2 ਮੈਂਬਰ ਪੰਚਾਇਤਾਂ ਦੀ ਥਾਂ ਹੁਣ ਸਰਪੰਚ ਤੇ ਇਕ ਮੈਂਬਰ ਨੂੰ ਹੋਵੇਗਾ। ਭਾਵ ਕਿ ਹੁਣ ਕੇਵਲ ਸਰਪੰਚ ਤੇ ਇਕ ਮੈਂਬਰ ਪੰਚਾਇਤ ਵਲੋਂ ਤਸਦੀਕ ਕੀਤਾ ਅਰਜ਼ੀ ਫਾਰਮ ਵੀ ਯੋਗ ਹੋਵੇਗਾ। ਇਸ ਤੋਂ ਇਲਾਵਾ 2 ਮੈਂਬਰ ਪੰਚਾਇਤਾਂ ਤੇ ਇਕ ਨੰਬਰਦਾਰ ਦੀ ਥਾਂ ਹੁਣ ਇਕ ਨੰਬਰਦਾਰ ਤੇ ਇਕ ਮੈਂਬਰ ਪੰਚਾਇਤ ਵਲੋਂ ਤਸਦੀਕ ਫਾਰਮ ਵੀ ਯੋਗ ਹੋਵੇਗਾ। ਇਸੇ ਤਰ੍ਹਾਂ 3 ਮੈਂਬਰ ਪੰਚਾਇਤਾਂ ਦੀ ਥਾਂ ਕੇਵਲ 2 ਮੈਂਬਰ ਪੰਚਾਇਤਾਂ ਵਲੋਂ ਤਸਦੀਕ ਫਾਰਮ ਹੀ ਕਾਫੀ ਹੋਵੇਗਾ।ਇਸ ਤੋਂ ਇਲਾਵਾ ਹੁਣ ਚੇਅਰਪਰਸਨ, ਮੈਂਬਰ ਬਲਾਕ ਸੰਮਤੀ ਤੇ ਇਕ ਪੰਚਾਇਤ ਮੈਂਬਰ ਦੇ ਨਾਲ-ਨਾਲ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ, ਮੈਂਬਰ ਜਿਲ੍ਹਾ ਪ੍ਰੀਸ਼ਦ ਤੇ ਇਕ ਮੈਂਬਰ ਪੰਚਾਇਤ ਵੀ ਅਰਜ਼ੀ ਫਾਰਮ ਤਸਦੀਕ ਕਰਨ ਲਈ ਅਧਿਕਾਰਤ ਹਨ।
ਬੁਲਾਰੇ ਨੇ ਇਹ ਵੀ ਕਿਹਾ ਕਿ ਸ਼ਹਿਰੀ ਖੇਤਰਾਂ ਅੰਦਰ ਮਿਊਂਸਲਪਲ ਕੌਂਸਲਰ ਅਰਜ਼ੀ ਨੂੰ ਤਸਦੀਕ ਜਾਂ ਸਿਫਾਰਸ਼ ਕਰਨ ਲਈ ਅਧਿਕਾਰਤ ਹੋਣਗੇ। ਤਸਦੀਕ ਉਪਰੰਤ ਸਬੰਧਿਤ ਐਸ.ਡੀ.ਐਮ. ਦਫਤਰ ਵਲੋਂ ਅਰਜ਼ੀ ਫਾਰਮ ਪ੍ਰਾਪਤ ਕੀਤਾ ਜਾਵੇਗਾ ਜੋ ਕਿ ਤਸਦੀਕਸ਼ੁਦਾ ਫਾਰਮ ਪ੍ਰਾਪਤ ਹੋਣ ਦੇ 3 ਦਿਨ ਦੇ ਅੰਦਰ-ਅੰਦਰ ਪ੍ਰੋਵੀਜ਼ਨਲ ਪੈਨਸ਼ਨ ਮਨਜ਼ੂਰ ਕਰਨਗੇ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਅਰਜ਼ੀ ਫਾਰਮ ਸਬੰਧਿਤ ਮਹੀਨੇ ਦੀ ਮਿਤੀ 1 ਤੋਂ 20 ਦੇ ਅੰਦਰ-ਅੰਦਰ ਪ੍ਰਾਪਤ ਹੁੰਦਾ ਹੈ ਤਾਂ ਪੈਨਸ਼ਨ ਉਸੇ ਮਹੀਨੇ ਦਿੱਤੀ ਜਾਵੇਗੀ। ਅਰਜ਼ੀ ਫਾਰਮ 20 ਤਾਰੀਕ ਤੋਂ ਬਾਅਦ ਪ੍ਰਾਪਤ ਹੋਣ ਦੀ ਸੂਰਤ ਵਿਚ ਪੈਨਸ਼ਨ ਅਗਲੇ ਮਹੀਨੇ ਤੋਂ ਲਾਗੂ ਹੋਵੇਗੀ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਆਰਜ਼ੀ ਪੈਨਸ਼ਨ ਮਨਜ਼ੂਰ ਹੋਣ ਤੋਂ ਬਾਅਦ ਸਾਰੀਆਂ ਅਰਜ਼ੀਆਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਭੇਜ ਦਿੱਤੀਆਂ ਜਾਣਗੀਆਂ ਜੋ ਕਿ ਇਨ੍ਹਾਂ ਅਰਜ਼ੀ ਫਾਰਮਾਂ ਦੀ ਪੜਤਾਲ ਇਕ ਮਹੀਨੇ ਵਿਚ ਕਰਨੀ ਯਕੀਨੀ ਬਣਾਉਣਗੇ ਅਤੇ ਯੋਗ ਲਾਭਪਾਤਰੀਆਂ ਦੀ ਪੈਨਸ਼ਨ ਪੱਕੀ ਕੀਤੀ ਜਾਵੇਗੀ। ਜੇਕਰ ਕੋਈ ਪੈਨਸ਼ਨ ਅਯੋਗ ਪਾਈ ਗਈ ਤਾਂ ਤਸਦੀਕ, ਸਿਫਾਰਸ਼ ਕਰਤਾ ਅਹੁਦੇਦਾਰ ਪਾਸੋਂ ਦੁੱਗਣੀ ਰਾਸ਼ੀ ਵਸੂਲ ਕੀਤੀ ਜਾਵੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply