Monday, March 16, 2026

ਭਗਵੰਤ ਮਾਨ ਨੇ ਮਜੀਠੀਆ ਨੂੰ ‘ਨਸ਼ਿਆਂ ਦਾ ਸੌਦਾਗਰ’ ਕਿਹਾ, ਮਾਨਹਾਨੀ ਕੇਸ ਦਰਜ ਕਰਵਾਉਣ ਲਈ ਵੰਗਾਰਿਆ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) -ਪੰਜਾਬ ਦੇ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਮੁੱਖੀ ਅਰਵਿੰਦ ਕੇਜਰੀਵਾਲ ਸਮੇਤ ਸੀਨੀਅਰ ਆਗੂ ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਦੇ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੇ ਇਕ ਦਿਨ ਬਾਅਦ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਫੇਰ ਕਿਹਾ ਕਿ ਮਜੀਠੀਆ ਨਸ਼ਿਆਂ ਦਾ ਸੌਦਾਗਰ ਹੈ ਅਤੇ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਸ ‘ਤੇ ਮਾਨਹਾਨੀ ਦਾ ਕੇਸ ਦਰਜ ਕਰੇ। ।
ਸ਼ਨੀਵਾਰ ਨੂੰ ਮਜੀਠੀਆ ਦੇ ਹੀ ਸ਼ਹਿਰ ਅੰਮ੍ਰਿਤਸਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ, ਂ ਮੈਂ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਕਹਿ ਚੁੱਕਿਆ ਹਾਂ ਕਿ ਮਜੀਠੀਆ ਅਰਬਾਂ ਰੁਪਏ ਦੇ ਨਸ਼ੇ ਦੇ ਧੰਦੇ ਦਾ ਮੁੱਖ ਸਰਗਨਾ ਹੈ ਅਤੇ ਇਸ ਗੱਲ ਨੂੰ ਮੈਂ ਹਜ਼ਾਰ ਵਾਰ ਕਹਿੰਦਾ ਰਹਾਂਗਾ।ਮਜੀਠੀਆ ਮੇਰੇ ਖਿਲਾਫ ਮਾਨਹਾਨੀ ਦਾ ਦਾਅਵਾ ਕਿਉਂ ਨਹੀਂ ਕਰਦਾ ? ਂਮਾਨ ਨੇ ਕਿਹਾ ਕਿ ਇਕ ਪਾਸੇ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਕਿਸੇ ਪ੍ਰਕਾਰ ਦਾ ਨਸ਼ਾ ਨਾ ਹੋਣ ਦਾ ਦਾਅਵਾ ਕਰਦੇ ਹਨ ਅਤੇ ਉਹਨਾਂ ਦੇ ਕੈਬਨਟ ਮੰਤਰੀ ਸੁਰਜੀਤ ਜਿਆਨੀ ਪੰਜਾਬ ਵਿਚ ਇਕ ਵੀ ਨਸ਼ੇੜੀ ਹੋਣ ਤੋਂ ਇਨਕਾਰ ਕਰਦੇ ਹਨ ਅਤੇ ਦੂਜੇ ਪਾਸੇ ਮੁੱਖ ਮੰਤਰੀ ਬਾਦਲ ਪੰਜਾਬ ਵਿਚ ਦੇਸ਼ ਦਾ ਪਹਿਲਾ ਔਰਤਾਂ ਲਈ ਨਸ਼ਾ ਛੁਡਾਊ ਕੇਂਦਰ ਖੋਲਣ ਦਾ ਐਲਾਨ ਕਰ ਰਹੇ ਹਨ । ਮਾਨ ਨੇ ਪੁੱਛਿਆ ਕਿ ਦੋਵੇਂ ਬਾਦਲ ਦੱਸਣ ਕਿ ਦੋਹਾਂ ਵਿਚੋਂ ਕੌਣ ਝੂਠ ਬੋਲ ਰਿਹਾ ਹੈ ? ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਨਸ਼ੇ ਨਹੀਂ ਹਨ ਤਾਂ ਖਾਸ ਤੌਰ ‘ਤੇ ਔਰਤਾਂ ਲਈ ਨਸ਼ਾ ਛੁਡਾਊ ਕੇਂਦਰ ਖੋਲਣ ਦੀ ਕੀ ਲੋੜ ਹੈ।
ਮਾਨ ਨੇ ਕਿਹਾ ਕਿ ਬਾਦਲ ਨੂੰ ਨਸ਼ਿਆ ਨਾਲ ਉਜੜ ਚੁੱਕੇ ਪਰਿਵਾਰਾਂ ਦੀ ਅਸਲ ਹਾਲਤ ਵੇਖਣ ਲਈ ਅੰਮ੍ਰਿਤਸਰ ਦੇ ਮਕਬੂਲਪੁਰਾ ਅਤੇ ਗੁਰਦਾਸਪੁਰ ਦੇ ਸੁਰ ਸਿੰਘ ਪਿੰਡ ਦਾ ਦੌਰਾ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਪੰਜਾਬ ਵਿਚ ਲੱਖਾਂ ਹੀ ਘਰ ਨਸ਼ੇ ਕਾਰਨ ਉਜੜ ਚੁੱਕੇ ਹਨ। ਮਾਨ ਨੇ ਕਿਹਾ,” ‘ਆਪ’ ਦੇ ਰਾਸ਼ਟਰੀ ਨੇਤਾ ਜਦੋਂ ਪੰਜਾਬ ਦੌਰੇ ਤੇ ਆਏ ਸਨ ਤਾਂ ਉਹਨਾਂ ਨੇ ਮਜੀਠੀਏ ਨੂੰ ਨਸ਼ਿਆਂ ਦਾ ਸਰਗਨਾ ਕਿਹਾ ਸੀ, ਪਰੰਤੂ ਮੈਂ ਤਾਂ ਸਮੂਹ ਪੰਜਾਬੀਆਂ ਦੇ ਨਾਲ ਹਰ ਰੋਜ ਮਜੀਠੀਆ ਨੂੰ ਪੰਜਾਬ ਵਿਚ ਚਲ ਰਹੇ ਨਸ਼ੇ ਦੇ ਧੰਦੇ ਦਾ ਸੌਦਾਗਰ ਕਹਿੰਦਾ ਹਾਂ, ਉਹ ਮੇਰੇ ਅਤੇ ਸਾਰੇ ਪੰਜਾਬ ਖਿਲਾਫ ਮਾਨਹਾਨੀ ਦਾ ਮੁੱਕਦਮਾ ਕਿਉਂ ਦਰਜ ਨਹੀਂ ਕਰਦਾ ?
ਬਾਦਲ ਉਤੇ ਦੌਗਲਾ ਮਾਪਦੰਡ ਅਪਨਾਉਣ ਦਾ ਇਲਜ਼ਾਮ ਲਗਾਉਂਦਿਆ ‘ਆਪ’ ਨੇਤਾ ਨੇ ਕਿਹਾ ਕਿ ਨਸ਼ਿਆਂ ਦੇ ਧੰਦੇ ਵਿਚ ਈ.ਡੀ ਵੱਲੋਂ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ ਦਾ ਨਾਂ ਲਏ ਜਾਣ ਤੋਂ ਬਾਅਦ ਮੁੱਖ ਮੰਤਰੀ ਬਾਦਲ ਨੇ ਉਸ ਨੂੰ ਮੰਤਰੀ ਮੰਡਲ ‘ਚੋਂ ਛੇਕ ਦਿੱਤਾ ਸੀ ਪਰੰਤੂ ਮਜੀਠੀਏ ਦਾ ਨਾ ਈ.ਡੀ ਦੀ ਰਿਪੋਰਟ ਵਿਚ ਆਉਣ ਤੋਂ ਬਾਅਦ ਵੀ ਬਾਦਲ ਉਸ ਨੂੰ ਕਲੀਨ ਚਿਟ ਦੇਣ ਵਿਚ ਇਕ ਮਿੰਟ ਤੋਂ ਵੀ ਘੱਟ ਸਮਾਂ ਲਗਾਉਂਦੇ ਹਨ।   ਮਾਨ ਨੇ ਕਿਹਾ ਕਿ ਮਜੀਠੀਆ ਖਿਲਾਫ ਲੱਗੇ ਨਸ਼ੇ ਦੇ ਦੋਸ਼ਾਂ ਦੀ ਜਾਂਚ ਸੀ.ਬੀ.ਆਈ ਤੋਂ ਕਰਾਉਣ ਦੀ ਥਾਂ ਮੁੱਖ ਮੰਤਰੀ ਬਾਦਲ ਉਸ ਦਾ ਬਚਾਅ ਕਰ ਰਿਹਾ ਹੈ ਅਤੇ ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਵੀ ਹੈਰਾਨੀਜਨਕ ਤਰੀਕੇ ਨਾਲ ਇਸ ਮਾਮਲੇ ਵਿਚ ਸੀ.ਬੀ.ਆਈ ਜਾਂਚ ਦੀ ਲੋੜ ਤੋਂ ਇਨਕਾਰ ਕਰ  ਰਹੇ ਹਨ । ਮਾਨ ਨੇ ਪੁੱਛਿਆ ਕਿ ਜਦੋਂ ਇਸ ਮਾਮਲੇ ਵਿਚ ਕਿਸੇ ਵਿਅਕਤੀ ਨੂੰ ਕਲੀਨ ਚਿਟ ਦੇਣ ਦਾ ਅਧਿਕਾਰ ਸਿਰਫ ਮਾਣਯੋਗ ਅਦਾਲਤ ਕੋਲ ਹੀ ਹੈ ਤਾਂ ਬਾਦਲ ਕਿਹੜੇ ਹੱਕ ਨਾਲ ਮਜੀਠੀਆ ਨੂੰ ਪਾਕ ਸਾਫ ਕਹਿ ਰਿਹਾ ਹੈ ?ਮਾਨ ਨੇ ਕਿਹਾ ਕਿ ਨਸ਼ੇ ਦੇ ਧੰਦੇ ਵਿਚ ਮਜੀਠੀਆ ਖਿਲਾਫ ਦੋਸ਼ ਅਸੀ ਨਹੀਂ ਬਲਕਿ ਮਜੀਠੀਆ ਦੇ ਸਾਥੀ ਮਨਿੰਦਰ ਸਿੰਘ ਔਲਖ, ਜਗਜੀਤ ਸਿੰਘ ਚਾਹਲ ਅਤੇ ਸਾਬਕਾ ਡੀ.ਐਸ.ਪੀ ਜਗਦੀਸ਼ ਭੋਲਾ ਨੇ ਲਗਾਏ ਹਨ।ਅਰਬਾਂ ਰੁਪਏ ਦੇ ਨਸ਼ਾ ਦੇ ਕਾਰੋਬਾਰ ਵਿਚ ਫੜੇ ਇਹਨਾਂ ਮੁਲਜ਼ਮਾ ਨੇ ਈਡੀ ਦੀ ਪੁੱਛਗਿਛ ਦੌਰਾਨ ਮਜੀਠੀਏ ਦਾ ਨਾਂ ਉਹਨਾਂ ਦੇ ਮੁੱਖੀ ਵਜੋਂ ਨਸ਼ਰ ਕੀਤਾ ਸੀ ।ਮਾਨ ਨੇ ਨਸ਼ੇ ਦੇ ਕੇਸ ਵਿਚ ਮਜੀਠੀਆ ਦੀ ਸ਼ਮੂਲੀਅਤ ਸੰਬੰਧੀ ਜਰੂਰੀ ਸਬੂਤ ਹੋਣ ਦਾ ਦਾਅਵਾ ਕਰਦਿਆ ਕਿਹਾ ਕਿ ਸਹੀ ਸਮਾਂ ਆਉਣ ‘ਤੇ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply