
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਵੱਖ-ਵੱਖ ਸਰਗਰਮੀਆਂ ਵਿੱਚ ਨਾਮਣਾ ਖੱਟ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਨਮੋਲ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਸਕੂਲ, ਮਾਤਾ-ਪਿਤਾ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਅਨਮੋਲ ਨੇ 97.23 ਫੀਸਦੀ ਅੰਕ ਪ੍ਰਾਪਤ ਕਰਕੇ ਉਕਤ ਸਥਾਨ ਹਾਸਲ ਕੀਤਾ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਵਿਦਿਆਰਥੀ ਦੀ ਇਸ ਕਾਮਯਾਬੀ ‘ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਦੀ ਅਗਵਾਈ ਹੇਠ ਸਕੂਲ ਦੀਆਂ ਸਰਗਰਮੀਆਂ ਕਾਬਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਪ੍ਰਿੰ: ਭੰਗੂ ਦੇ ਯੋਗ ਸਟਾਫ਼ ਦੀ ਮਿਹਨਤ ਸਦਕਾ ਅਨਮੋਲ ਨੇ ਉਕਤ ਸਥਾਨ ਹਾਸਲ ਕੀਤਾ ਹੈ। ਸ: ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਵਿਦਿਆਰਥੀਆਂ ਦੇ ਹਰੇਕ ਸੁੱਖ-ਸਹੂਲਤ ਲਈ ਤੱਤਪਰ ਹੈ ਅਤੇ ਉਨ੍ਹਾਂ ਨੂੰ ਬਣਦਾ ਹਰੇਕ ਸਹਿਯੋਗ ਦੇਣ ਲਈ ਤੱਤਪਰ ਹੈ। ਇਸ ਮੌਕੇ ਸਕੂਲ ਪ੍ਰਿੰ: ਭੰਗੂ ਨੇ ਕਿਹਾ ਜਾਣਕਾਰੀ ਦਿੰਦਿਆ ਕਿਹਾ ਕਿ ਪਿੰਡ ਬਲੱਗਣ ਰਾਮ ਤੀਰਥ ਰੋਡ ਦੇ ਖੇਤੀਬਾੜੀ ਨਾਲ ਸਬੰਧ ਰੱਖਣ ਵਾਲੇ ਸ: ਬਲਜੀਤ ਸਿੰਘ ਤੇ ਪਰਮਜੀਤ ਕੌਰ ਦਾ ਲੜਕਾ ਅਨਮੋਲ ਉਨ੍ਹਾਂ ਦੇ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਅਨਮੋਲ ਚੇਨਈ ਵਿਖੇ ਆਯੋਜਿਤ ਕੀਤੀ ਗਈ ਹੈੱਡਬਾਲ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਅਤੇ ਕਵਿਤਾ ਬੋਲਣ ਵਿੱਚ ਜ਼ਿਲ੍ਹੇ ਵਿੱਚ ਦੂਜਾ ਸਥਾਨ ਪ੍ਰਾਪਤ ਕਰ ਚੁੱਕਾ ਹੈ। ਪ੍ਰਿੰ: ਭੰਗੂ ਨੇ ਦੱਸਿਆ ਕਿ ਅਨਮੋਲ 2 ਭੈਣਾਂ ਦਾ ਇਕਲੌਤਾ ਭਰਾ ਹੈ, ਜਿਸਦੀ ਤਮੰਨਾ ਆਰਮੀ ਅਫ਼ਸਰ ਬਣਨ ਦੀ ਹੈ। ਉਨ੍ਹਾਂ ਅਨਮੋਲ ਦਾ ਉਕਤ ਸਥਾਨ ਹਾਸਲ ਕਰਨ ‘ਤੇ ਮੁਬਾਰਕਬਾਦ ਦਿੰਦਿਆਂ ਅਧਿਆਪਕਾਂ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ।
Punjab Post Daily Online Newspaper & Print Media