
ਫਾਜ਼ਿਲਕਾ, 30 ਮਈ (ਵਨੀਤ ਅਰੋੜਾ) – 31 ਮਈ ਨੂੰ ਅੰਤਰ ਰਾਸ਼ਟਰੀ ਤਬਾਕੂੰ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ।ਇਸ ਦਾ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਹੈ।ਇਹ ਗੱਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ.ਨੇ ਆਖੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਹਨ ਕਿ ਕੋਟਪਾ ਕਾਨੂੰਨ ਨੂੰ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫਾਜ਼ਿਲਕਾ ਨੂੰ ਸਮੋਕਿੰਗ ਫਰੀ ਜ਼ਿਲ੍ਹਾ ਬਣਾਈ ਰੱਖਣ ਲਈ ਸਹਿਯੋਗ ਕਰਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੇਸ਼ ਖੁੰਗਰ ਨੇ ਦੱਸਿਆ ਕਿ ਜਨਤਕ ਸਥਾਨਾਂ, ਜਿਵੇਂ ਐਡੀਟੋਰੀਅਮ, ਰੇਲਵੇ ਸਟੇਸ਼ਨ, ਬੱਸ ਅੱਡਾ, ਰੈਸਟੋਰੈਂਟ, ਚਾਹ ਸਟਾਲ, ਢਾਬੇ, ਆਹਤੇ, ਮੈਰਿਜ਼ ਪੈਲੇਸ, ਕੰਟੀਨ, ਜਨਤਕ ਦਫ਼ਤਰ, ਅਦਾਲਤੀ ਇਮਾਰਤਾਂ, ਵਿਦਿਅਕ ਸੰਸਥਾਵਾਂ, ਜਨਤਕ ਵਾਹਨ, ਸ਼ੋਪਿੰਗ ਮਾਲ, ਸਿਨੇਮਾ, ਬੈਂਕ, ਧਰਮਸ਼ਾਲਾ, ਪਾਰਕ ਆਦਿ ਥਾਵਾਂ ਤੇ ਤੰਬਾਕੂ ਨੋਸ਼ੀ ਕਰਨਾ ਸਜ਼ਾ ਯੋਗ ਅਪਰਾਧ ਹੈ। ਅਜਿਹੀਆਂ ਥਾਵਾਂ ਤੇ ਮਾਲਕ/ਪ੍ਰੋਪਰਾਈਟਰ/ ਪ੍ਰਬੰਧਕ ਉਸ ਥਾਂ ਤੇ ਤੰਬਾਕੂਨੋਸ਼ੀ ਰਹਿਤ ਖੇਤਰ ਦਾ ਬੋਰਡ ਲਗਾਵੇਗਾ। ਅਜਿਹੀਆਂ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਤੇ ਕੋਟਪਾ ਐਕਟ 2003 ਦੀ ਧਾਰਾ 4 ਤਹਿਤ 200 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਤਬਾਕੂੰ ਉਤਪਾਦਾਂ ਦੀ ਮਸ਼ਹੂਰੀ ਕਰਨਾ ਜਾਂ ਦੁਕਾਨ ਤੇ ਤੰਬਾਕੂ ਉਤਪਾਦਾਂ ਨੂੰ ਪ੍ਰਦਰਸ਼ਤ ਕਰਨਾ ਐਕਟ ਦੀ ਧਾਰਾ 5 ਦੀ ਉਲੰਘਣਾ ਹੈ ਅਤੇ ਇਸ ਲਈ 5 ਸਾਲ ਤੱਕ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਐਕਟ ਦੀ ਧਾਰਾ 6 ਏ ਤਹਿਤ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਧਾਰਾ 6 ਬੀ ਤਹਿਤ ਸਿੱਖਿਆ ਸੰਸਥਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਦੀ ਮਨਾਹੀ ਹੈ। ਧਾਰਾ 6 ਏ ਅਤੇ 6 ਬੀ ਦੀ ਉਲੰਘਣਾ ਕਰਨ ਤੇ 200 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media