Tuesday, April 28, 2026

ਖਾਲਸਾ ਕਾਲਜਾਂ ਵਿਚ ਦਾਖਲੇ ਲਈ ਦਿੱਲੀ ਕਮੇਟੀ ਨੇ ਵਿਦਿਆਰਥੀ ਸਹਾਇਤਾ ਕੈਂਪ ਲਗਾਇਆ

PPN1406201613

ਨਵੀਂ ਦਿੱਲੀ, 14 ਜੂਨ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਦਿਆ ਦੇ ਲੰਗਰ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤੇ ਤਹਿਤ ਇਸ ਵਾਰ 12ਵੀਂ ਜਮਾਤ ਪਾਸ ਕਰਣ ਉਪਰੰਤ ਦਿੱਲੀ ਯੁਨੀਵਰਸਿਟੀ ਵਿਚ ਦਾਖਿਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਲਗਾਏ ਗਏ ਇਸ ਕੈਂਪ ਵਿਚ ਬੱਚਿਆਂ ਨੂੰ ਦਿੱਲੀ ਕਮੇਟੀ ਦੇ 4 ਖਾਲਸਾ ਕਾਲਜਾਂ ਵਿਚ ਬਤੌਰ ਸਿੱਖ ਵਿਦਿਆਰਥੀ ਦਾਖਿਲਾ ਲੈਣ ਦੇ ਨੁਕਤੇ ਵੀ ਬੁਲਾਰਿਆਂ ਵੱਲੋਂ ਸਾਂਝੇ ਕੀਤੇ ਗਏ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ.ਜਸਵਿੰਦਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾੱਮਰਸ ਦੇ ਪ੍ਰਿੰਸੀਪਲ ਡਾ. ਜੇ.ਬੀ. ਸਿੰਘ ਨੇ ਬੱਚਿਆਂ ਨਾਲ ਕਾੱਲਜ ਦਾਖਿਲੇ ਵੇਲੇ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਬੱਚੇ ਅਕਸਰ ਯੂਨੀਵਰਸਿਟੀ ਦਾ ਦਾਖਿਲਾ ਫਾਰਮ ਭਰਨ ਵੇਲੇ ਆਪਣੀ ਮਨਪਸੰਦ ਦੇ ਕੋਰਸ ਨੂੰ ਭਰਨ ਦੇ ਨਾਲ ਬਾਕੀ ਕੋਰਸਾਂ ਨੂੰ ਨਿਸ਼ਾਨ ਲਾਉਣਾ ਜਰੂਰੀ ਨਹੀਂ ਸਮਝਦੇ ਜਿਸ ਕਰਕੇ ਦਿੱਲੀ ਯੂਨੀਵਰਸਿਟੀ ਵਿਚ ਦਾਖਿਲਾ ਲੈਣ ਦੀ ਉਨ੍ਹਾਂ ਦੀ ਇੱਛਾ ਇਸ ਗਲਤੀ ਕਰਕੇ ਪੂਰੀ ਨਹੀਂ ਹੋ ਪਾਉਂਦੀ। ਕਾਲਜਾਂ ਵਿਚ ਸੀਮਿਤ ਸੀਟਾਂ ਅਤੇ ਅੰਕਾਂ ਦੀ ਉ-ਚੀ ਕੱਟ ਆਫ਼ ਵਿਚ ਤਾਲਮੇਲ ਬਿਠਾਉਣ ਵਾਸਤੇ ਜੀ.ਕੇ. ਨੇ ਆੱਨਲਾਈਨ ਫਾਰਮ ਨੂੰ ਦਿਲ ਅਤੇ ਦਿਮਾਗ ਨੂੰ ਖੁਲਾ ਰਖਕੇ ਭਰਨ ਦੀ ਵੀ ਬੱਚਿਆਂ ਨੂੰ ਸਲਾਹ ਦਿੱਤੀ।
ਦਿੱਲੀ ਕਮੇਟੀ ਵੱਲੋਂ ਘਟਗਿਣਤੀ ਕੌਮਾਂ ਦੀ ਭਲਾਈ ਵਾਲੀਆਂ ਸਰਕਾਰੀ ਸਕੀਮਾਂ ਦਾ ਫਾਇਦਾ ਬੱਚਿਆਂ ਤਕ ਪਹੁੰਚਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ਾਂ ਦੀ ਵੀ ਜਾਣਕਾਰੀ ਦਿੱਤੀ।ਜੀ.ਕੇ ਨੇ ਕਿਹਾ ਕਿ ਇਸ ਵਾਰ ਤੋਂ ਖਾਲਸਾ ਕਾਲਜਾਂ ਵਿਚ ਕਮੇਟੀ ਵੱਲੋਂ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀ ਰੱਖਣ ਦਾ ਫੈਸਲਾ ਲਿਆ ਗਿਆ ਹੈ ਪਰ ਇਨ੍ਹਾਂ ਸੀਟਾਂ ਦੇ ਦਾਅਵੇਦਾਰਾਂ ਦਾ ਫੈਸਲਾ ਮੈਰਿਟ ਤੇ ਹੋਏਗਾ। ਜੀ.ਕੇ. ਨੇ ਸਾਫ਼ ਕਿਹਾ ਕਿ ਕਮੇਟੀ ਦੇ 4 ਵਿਚੋਂ 3 ਕਾਲਜਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਿਲੀ ਮਾਨਤਾ ਦਾ ਇਸ ਵਾਰ ਸਿੱਖ ਬੱਚਿਆਂ ਨੂੰ ਪਹਿਲੀ ਵਾਰ ਵੱਡੇ ਪੱਧਰ ਤੇ ਫਾਇਦਾ ਮਿਲਣ ਜਾ ਰਿਹਾ ਹੈ। ਪਰ ਕਮੇਟੀ ਦੀ ਕੋਸ਼ਿਸ਼ ਸਿੱਖ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦੇਣ ਦੇ ਨਾਲ ਹੀ ਕਾਲਜ ਦੇ ਮਿਆਰ ਨੂੰ ਵੀ ਬਣਾਏ ਰੱਖਣ ਦੀ ਵੀ ਰਹੇਗੀ ।
ਰਾਣਾ ਨੇ ਬੱਚਿਆਂ ਵੱਲੋਂ ਇਸ ਕੈਂਪ ਵਿਚ ਵੱਡੀ ਗਿਣਤੀ ਵਿੱਚ ਪੁੱਜਣ ਤੇ ਧੰਨਵਾਦ ਜਤਾਉਂਂਦੇ ਹੋਏ ਕੈਂਪ ਨੂੰ ਵਿੱਦਿਆ ਦੇ ਲੰਗਰ ਵੱਜੋਂ ਵੀ ਪਰਿਭਾਸ਼ਿਤ ਕੀਤਾ। ਰਾਣਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਵਿੱਦਿਆ ਵੀਚਾਰੀ.. ਦਾ ਜੋ ਫਲਸਫ਼ਾ ਸਾਨੂੰ ਦਿੱਤਾ ਸੀ ਕਮੇਟੀ ਅੱਜ ਉਸ ਲੀਹਾਂ ਤੇ ਚਲਣ ਦੀ ਕੋਸ਼ਿਸ਼ ਕਰ ਰਹੀ ਹੈ।ਰਾਣਾ ਨੇ ਕਾਲਜਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਿਲੀ ਮਾਨਤਾ ਨੂੰ ਸਿੱਖ ਕੌਮ ਦੀ ਵੱਡੀ ਪ੍ਰਾਪਤੀ ਦੱਸਿਆ। ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਆਏ ਹੜ੍ਹ ਕਾਰਨ ਕਮੇਟੀ ਦੇ ਪ੍ਰਬੰਧ ਘਟ ਸਾਬਿਤ ਹੋਏ ਜਿਸ ਕਰਕੇ ਬੱਚਿਆਂ ਨੂੰ ਜਮੀਨ ਤੇ ਹੀ ਬੈਠ ਕੇ ਸਿੱਖਿਆ ਮਾਹਿਰਾਂ ਦੇ ਵਿਚਾਰਾਂ ਨੂੰ ਸੁਣਨਾ ਪਿਆ। ਜੀ.ਕੇ. ਨੇ ਅਗਲੀ ਵਾਰ ਤੋਂ ਪ੍ਰਬੰਧ ਹੋਰ ਵੱਡੇ ਪੱਧਰ ਤੇ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਕਮੇਟੀ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply