ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ) – ਤਨ ਤੇ ਮਨ ਨੂੰ ਸਾਫ਼ ਤੇ ਨਿਰੋਗ ਰੱਖਣ ਲਈ ਸਾਰਿਆਂ ਨੂੰ ਯੋਗ ਅਪਣਾਉਣ ਦੀ ਲੋੜ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਦੂਜੇ ਕੌਮਾਂਤਰੀ ਯੋਗ ਦਿਹਾੜੇ ਮੌਕੇ ਸਥਾਨਕ ਕੰਪਨੀ ਬਾਗ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਵਿਸ਼ਾਲ ਸਮਾਗਮ ਦੌਰਾਨ ਸ੍ਰੀ ਜੋਸ਼ੀ ਨੇ ਵਿਦਿਆਰਥੀਆਂ, ਖਿਡਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜ ਸੇਵਕਾਂ, ਯੋਗ ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਯੋਗ ਅਭਿਆਸ ਕੀਤਾ। ਇਸ ਮੌਕੇ ਭਾਰਤੀ ਯੋਗ ਸੰਸਥਾਨ ਦੀ ਟੀਮ ਵੱਲੋਂ ਸ੍ਰੀ ਸਤੀਸ਼ ਮਹਾਜਨ ਦੀ ਅਗਵਾਈ ਵਿਚ ਵੱਖ-ਵੱਖ ਯੋਗ ਆਸਣ ਅਤੇ ਯੋਗ ਕਿਰਿਆਵਾਂ ਕਰਵਾਈਆਂ ਗਈਆਂ।
ਸ੍ਰੀ ਅਨਿਲ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਸਦਕਾ ਅੱਜ ਪੂਰੇ ਵਿਸ਼ਵ ਵਿਚ ਦੂਜਾ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ ਹੈ ਜਿਸ ਵਿਚ 191 ਮੁਲਕਾਂ ਦੇ ਲੋਕਾਂ ਨੇ ਵਧ-ਚੜ੍ਹ ਕੇ ਸਵੈ ਇੱਛਾ ਨਾਲ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਨਿਰੋਗੀ ਜੀਵਨ ਲਈ ਯੋਗ ਦਾ ਵਿਸ਼ੇਸ਼ ਮਹੱਤਵ ਹੁਣ ਪੂਰਾ ਵਿਸ਼ਵ ਸਮਝ ਚੁੱਕਾ ਹੈ, ਜਿਸ ਦੇ ਚਲਦਿਆਂ ਇਸ ਦਿਹਾੜੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭੱਜ-ਦੌੜ ਵਾਲੀ ਆਧੁਨਿਕ ਜੀਵਨ ਸ਼ੈਲੀ ਨੇ ਜ਼ਿੰਦਗੀ ਨੂੰ ਤਣਾਅ ਭਰਪੂਰ ਬਣਾ ਦਿੱਤਾ ਹੈ ਜਿਸ ਕਾਰਨ ਸਰੀਰਕ ਤੇ ਮਾਨਸਿਕ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾ ਕੇ ਸਰੀਰ ਤੇ ਮਨ ਨੂੰ ਨਿਰੋਗ ਬਣਾਇਆ ਜਾ ਸਕਦਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਮਨ ਨਿਰਾਸ਼ਾ ਮਹਿਸੂਸ ਕਰੇਗਾ ਅਤੇ ਚਿਹਰੇ ਤੋਂ ਰੌਣਕ ਗਾਇਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਿਹਤਮੰਦ ਹੋਵਾਂਗੇ ਤਾਂ ਹੀ ਸਾਡਾ ਸਮਾਜ, ਮੁਲਕ ਅਤੇ ਵਿਸ਼ਵ ਸਿਹਤਮੰਦ ਬਣ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਐਸ. ਐਮ. ਓ ਆਯੂਰਵੈਦਿਕ ਸ. ਅਮਰਜੀਤ ਸਿੰਘ ਬਸਰਾ, ਐਕਸੀਅਨ ਸ੍ਰੀ ਸੁਰਿੰਦਰ ਸ਼ਰਮਾ, ਭਾਰਤੀ ਯੋਗ ਸੰਸਥਾਨ ਤੋਂ ਸ੍ਰੀ ਵਰਿੰਦਰ ਧਵਨ, ਸ੍ਰੀ ਪ੍ਰਮੋਦ ਸੋਢੀ, ਸ੍ਰੀ ਮੋਹਨ ਲਾਲ, ਸ੍ਰੀ ਮਹੀਪਾਲ, ਸ੍ਰੀ ਵਿਕਰਮਜੀਤ ਸਿੰਘ ਤੇ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media