ਚੰਡੀਗੜ, 13 ਜੁਲਾਈ (ਪੰਜਾਬ ਪੋਸਟ ਬਿਊਰੋ)- ‘ਗੁਰੂ ਦੀ ਨਗਰੀ’ ਵਿੱਚ ਸਥਿਤ ਇਤਿਹਾਸਕ ਖਾਲਸਾ ਕਾਲਜ ਦੀ ਭੂਮੀ ‘ਤੇ ਖਾਲਸਾ ਯੂਨੀਵਰਸਿਟੀ ਬਣਾਉਣ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ 2017 ਵਿੱਚ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਇਹ ਫੈਸਲਾ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਬਾਦਲ ਸਰਕਾਰ ਨੇ ਇਹ ਨਾਪਾਕ ਫ਼ੈਸਲਾ ਮਜੀਠੀਆ ਪਰਿਵਾਰ ਦੇ ਦਬਾਅ ਵਿੱਚ ਆ ਕੇ ਲਿਆ ਹੈ। ਬੁੱਧਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਖਾਲਸਾ ਕਾਲਜ ਦੀਆਂ ਅਰਬਾਂ ਰੁਪਏ ਦੀ ਜਾਇਦਾਦ ਉੱਤੇ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਕਾਨੂੰਨੀ ਤੌਰ ਉੱਤੇ ਆਪਣਾ ਨਿੱਜੀ ਕਬਜ਼ਾ ਚਾਹੁੰਦਾ ਹੈ। ਇਸ ਬੁਰੀ ਨੀਅਤ ਦੇ ਤਹਿਤ ਕਦੇ ਖਾਲਸਾ ਕਾਲਜ ਨੂੰ ਹੈਰੀਟੇਜ ਹੋਟਲ ਬਣਾਉਣ ਦੇ ਮਨਸੂਬੇ ਸਜਾਏ ਜਾਂਦੇ ਰਹੇ ਅਤੇ ਕਦੇ ਖਾਲਸਾ ਕਾਲਜ ਨੂੰ ਨਿੱਜੀ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ਾਂ ਹੁੰਦੀ ਰਹੀਆਂ ਹਨ। ਜੋ ਕਿ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਸਫਲ ਨਹੀਂ ਹੋ ਸਕੀ। ਹੁਣ ਬਾਦਲ ਸਰਕਾਰ ਆਪਣੇ ਆਖਿਰੀ ਸਾਹ ਲੈ ਰਹੀ ਹੈ ਤਾਂ ਖਾਲਸਾ ਪੰਥ ਦੀ ਮਹਾਨ ਅਮਾਨਤ ਖਾਲਸਾ ਕਾਲਜ ਦਾ ਮੂਲ ਅਰਥ ਖਤਮ ਕਰਨ ਵਾਲਾ ਫੈਸਲਾ ਲਿਆ ਗਿਆ ਹੈ। ਖਹਿਰਾ ਨੇ ਕਿਹਾ ਕਿ ਗਲਤ ਨੀਤੀਆਂ ਅਤੇ ਲਾਲਚੀ ਨੀਅਤ ਦੇ ਕਾਰਨ ਪਹਿਲਾਂ ਕਿਸਾਨੀ ਅਤੇ ਜਵਾਨੀ ਨੂੰ ਬਰਬਾਦ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਖਾਲਸਾ ਪੰਥ ਦੀ ਇੱਕ ਮਾਤਰ ਵਿਦਿਅਕ ਵਿਰਾਸਤ ਖਾਲਸਾ ਕਾਲਜ ਨੂੰ ਖਤਮ ਕਰਨ ਉੱਤੇ ਤੁਲੀ ਹੋਈ ਹੈ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ‘ਖਾਲਸਾ ਯੂਨੀਵਰਸਿਟੀ’ ਦਾ ਫੈਸਲਾ ਰੱਦ ਕਰਕੇ ਖਾਲਸਾ ਕਾਲਜ ਦਾ ਵਿਰਾਸਤੀ ਰੁਤਬਾ ਬਹਾਲ ਕੀਤਾ ਜਾਵੇਗਾ। ਖਹਿਰਾ ਨੇ ਇਹ ਵੀ ਕਿਹਾ ਕਿ ਮਜੀਠੀਆ ਪਰਿਵਾਰ ਦਾ ਇਹ ਲਾਲਚ ਆਰ. ਐਸ. ਐਸ ਦੇ ਉਸ ਗੁਪਤ ਏਜੇਂਡੇ ਦੀ ਵੀ ਪੂਰਤੀ ਕਰਦਾ ਹੈ, ਜਿਸ ਦਾ ਮਕਸਦ ਖਾਲਸਾ ਪੰਥ ਦੀਆਂ ਵਿਰਾਸਤਾਂ ਨੂੰ ਖਤਮ ਕਰਨਾ ਹੈ ਅਤੇ ਭਾਜਪਾ ਦੇ ਉਪ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਬਤੋਰ ਆਨਰੇਰੀ ਸਕੱਤਰ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਸਤਿਅਜੀਤ ਸਿੰਘ ਮਜੀਠੀਆ ਦਾ ਸਾਥ ਦੇ ਰਹੇ ਹਨ, ਨਹੀਂ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੀ ਦੀਵਾਰ ਦੇ ਦੂਜੇ ਪਾਸੇ ਇੱਕ ਹੋਰ ਪ੍ਰਾਈਵੇਟ ਖਾਲਸਾ ਯੂਨੀਵਰਸਿਟੀ ਦੀ ਕੀ ਜ਼ਰੂਰਤ ਹੈ?
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media