Saturday, March 28, 2026

ਪਿੰਡ ਧਾਰੜ ਦੇ ਘਰਾਂ ਤੇ ਗਲੀਆਂ ਵਿੱਚ ਵੜਿਆ ਗੰਦਾ ਪਾਣੀ

PPN1707201613
ਜੰਡਿਆਲਾ ਗੁਰੂ, 17 ਜੁਲਾਈ (ਹਰਿਦਰ ਪਾਲ ਸਿਘ) – ਬਲਾਕ ਜੰਡਿਆਲਾ ਗੁਰੂ ਦਾ ਪਿੰਡ ਧਾਰੜ ਜਿਥੋਂ ਦੀ ਅਬਾਦੀ ਲੱਗਭਗ 6 ਹਜਾਰ ਅਤੇ 2800 ਦੇ ਕਰੀਬ ਵੋਟਾਂ ਹਨ।ਇਸ ਪਿੰਡ ਦੀ ਹਮੇਸ਼ਾਂ ਹੀ ਇਹ ਬਦਕਿਸਮਤੀ ਰਹੀ ਹੈ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਸਭ ਨੇ ਹੀ ਇਸ ਪਿੰਡ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਹੈ ।ਪਹਿਲਾਂ ਤਾਂ ਇਹ ਪਿੰਡ ਪਿਛਲੇ 40-50 ਸਾਲ ਤੋ ਹਲਕਾ ਤਰਨ ਤਾਰਨ ਵਿੱਚ ਆਉਂਦਾ ਸੀ ਤੇ ਤਰਨ ਤਾਰਨ ਹਲਕੇ ਦਾ ਆਖਰੀ ਪਿੰਡ ਹੋਣ ਕਾਰਨ ਇਥੇ ਕੋਈ ਵੀ ਸਿਆਸੀ ਲੀਡਰ ਜਾਂ ਹਲਕਾ ਵਿਧਾਇਕ ਘੱਟ ਵੱਧ ਹੀ ਆਉਂਦਾ ਸੀ ਜਾਂ ਸਮਝ ਲਵੋ ਕਿ ਵੋਟਾਂ ਦੇ ਦਿਨਾਂ ਵਿੱਚ ਹੀ ਆਉਂਦਾ ਸੀ ਤੇ ਫੇਰ ਪੰਜ ਸਾਲ ਕਦੇ ਮੂੰਹ ਨਹੀ ਸੀ ਵਿਖਾਉਂਦਾ।ਹੁਣ ਪਿਛਲੇ 8-10 ਸਾਲ ਤੋ ਇਹ ਪਿੰਡ ਜੰਡਿਆਲਾ ਗੁਰੂ ਹਲਕੇ ਵਿੱਚ ਆ ਗਿਆ ਹੈ ਤੇ ਇਸ ਦੀ ਹਾਲਤ ਹੁਣ ਵੀ ਜਿਉਂ ਦੀ ਤਿਉਂ ਹੀ ਹੈ।
ਪਿੰਡ ਵਾਸੀਆਂ ਕਾਮਰੇਡ ਪਿਆਰਾ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਹਰਦੇਵ ਸਿੰਘ, ਸੁੱਖਵਿੰਦਰ ਸਿੰਘ, ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਉਹ ਅਨੇਕਾਂ ਵਾਰ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੇ ਵਿਧਾਇਕ ਨੂੰ ਪਿੰਡ ਦੇ ਗੰਦੇ ਪਾਣੀ ਦੇ ਵਿਕਾਸ ਬਾਰੇ ਦੱਸ ਚੁੱਕੇ ਹਨ ਪਰ”ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ”ਵਾਲੀ ਕਹਾਵਤ ਸਿੱਧ ਹੋ ਰਹੀ ਹੈ।ਲੋਕਾਂ ਦੱਸਿਆ ਕਿ ਪਿੰਡ ਧਾਰੜ ਤੋ ਤਾਰਾਗੜ ਜਾਣ ਵਾਲੀ ਸੜਕ ਦਾ ਵੀ ਕੁਝ ਹਿੱਸਾ ਪਾਣੀ ਦੇ ਤੇਜ ਵਹਾ ਕਾਰਨ ਰੁੜ ਗਿਆ ਹੈ।ਘਰਾਂ ਵਿੱਚ ਗੰਦਾ ਪਾਣੀ ਖੜਾ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ, ਜੇਕਰ ਰਾਤ ਨੂੰ ਹੋਰ ਮੀਂਹ ਆ ਗਿਆ ਤਾਂ ਉਹਨਾ ਦੇ ਘਰ ਢਹਿ ਜਾਣ ਦਾ ਖੱਦਸਾ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਡਰ ਹੈ।ਇਸ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਜਦ ਬਾਰਸ਼ਾਂ ਹੁੰਦੀਆਂ ਹਨ ਤਾਂ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਵੜਦਾ ਹੈ, ਲੋਕਾਂ ਦੇ ਕੋਠੇ ਢਹਿ ਜਾਂਦੇ ਹਨ ਤੇ ਕਈ ਤਰਾਂ ਦੇ ਜਹਿਰੀਲੇ ਜਾਨਵਰ ਸੱਪ ਵਗੈਰਾ ਲੋਕਾਂ ਦੇ ਘਰਾਂ ਵਿੱਚ ਆ ਵੜਦੇ ਹਨ।ਪਿੰਡ ਦੇ ਗਰੀਬ ਦਲਿਤ ਪਰਿਵਾਰਾਂ ਨੂੰ ਪਿੰਡ ਦੇ ਗੁਰਦੁਆਰਿਆਂ ਅਤੇ ਸਕੂਲਾਂ ਵਿੱਚ ਪਨਾਹ ਲੈਣੀ ਪੈਂਦੀ ਹੈ।ਬੀਤੀ ਰਾਤ ਹੋਈ ਮੋਹਲੇਧਾਰ ਬਾਰਸ਼ ਨਾਲ ਗੰਦਾ ਪਾਣੀ ਲੋਕਾਂ ਦੇ ਘਰਾਂ ਅਤੇ ਗਲੀਆਂ ਬਜਾਰਾਂ ਵਿੱਚ ਆ ਵੜਿਆ ਹੈ ਤੇ ਪਿੰਡ ਦਾ ਇੱਕ ਹਿੱਸਾ ਜਿਥੇ ਡੇਢ ਸੌ ਦੇ ਕਰੀਬ ਪਰਿਵਾਰ ਰਹਿੰਦੇ ਹਨ ਬਾਕੀ ਪਿੰਡ ਨਾਲੋਂ ਕੱਟਿਆ ਗਿਆ ਹੈ ਤੇ ਲੋਕਾਂ ਦੇ ਬੱਚੇ ਸਕੂਲ ਜਾਣ ਤੋ ਵੀ ਅਸਮਰੱਥ ਹੋ ਗਏ ਹਨ ।ਗਲੀਆਂ ਵਿੱਚ ਗੋਡੇ ਗੋਡੇ ਤੋ ੳੋਪਰ ਪਾਣੀ ਖੜਾ ਹੋਣ ਕਾਰਨ ਬੱਚੇ ਸਕੂਲ ਜਾਣ ਤੋ ਅਸਮਰਥ ਹੋ ਗਏ ਹਨ।ਲੋਕਾਂ ਦੇ ਘਰਾਂ ਅਤੇ ਗਲੀਆਂ ਵਿੱਚ ਖੜਾ ਗੰਦਾ ਪਾਣੀ ਬਦਬੂ ਮਾਰ ਰਿਹਾ ਹੈ ਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।ਪਿੰਡ ਵਾਸੀਆਂ ਦੀ ਸਰਕਾਰ ਕੋਲ ਪੁਰਜੋਰ ਮੰਗ ਹੈ ਕਿ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਜਲਦੀ ਤੋ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਉਹਨਾ ਨੂੰ ਨਰਕ ਭਰੀ ਜਿੰਦਗੀ ਤੋ ਨਿਜਾਤ ਮਿਲ ਸਕੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply