ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ) – ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬਤ ਖਾਲਸਾ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਕੇਜਰੀਵਾਲ ਤੇ ਅਸ਼ੀਸ਼ ਖੇਤਾਨ ਵੱਲੋ ਕੀਤੀ ਗਈ ਗਲਤੀ ਭਾਂਵੇ ਮੁਆਫੀਯੋਗ ਨਹੀ ਸੀ, ਪਰ ਜਿਸ ਤਰੀਕੇ ਨਾਲ ਇਹਨਾਂ ਆਗੂਆਂ ਨੇ ਮੁਆਫੀ ਮੰਗ ਲਈ ਹੈ ।ਉਸ ਨੂੰ ਲੈ ਕੇ ਮਾਮਲਾ ਇਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ ।ਜਾਰੀ ਇੱਕ ਬਿਆਨ ਰਾਹੀ ਭਾਈ ਮੋੋਹਕਮ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੇ ਬਹੁਤ ਵੱਡੀਆ ਜੰਗਾਂ ਲੜੀਆਂ ਹਨ ਤੇ ਦੁਸ਼ਮਣ ਵੱਲੋ ਮੁਆਫੀ ਮੰਗਣ ਤੇ ਉਸ ਨੂੰ ਬਖਸ਼ ਵੀ ਖਾਲਸੇ ਨੇ ਬੜੀ ਦਲੇਰੀ ਨਾਲ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇੋਂ ਵੱਧ ਕੇ ਹੋਰ ਕੁਝ ਨਹੀ ਹੈ ਅਤੇ ਕਦੇ ਵੀ ਸਿੱਖ ਗੁਰੂ ਸਾਹਿਬ ਦੀ ਤੌਹੀਨ ਬਰਦਾਸ਼ਤ ਨਹੀ ਕਰ ਸਕਦਾ।ਉਹਨਾਂ ਕਿਹਾ ਕਿ ਸ੍ਰੀ ਗੁਰੂ ਸਾਹਿਬ ਦੀ ਤੁਲਨਾ ਇੱਕ ਮਾਮੂਲੀ ਚੋਣ ਮੈਨੀਫੈਸਟੋ ਨਾਲ ਕਰਕੇ ਅਸ਼ੀਸ਼ ਖੇਤਾਨ ਨੇ ਬੱਜਰ ਗਲਤੀ ਕੀਤੀ ਹੈ ਅਤੇ ਯੂਥ ਮੈਨੀਫੈਸਟੋ ‘ਤੇ ਕੇਜਰੀਵਾਲ ਅਤੇ ਝਾੜੂ ਫੋਟੋ ਲਗਾਉਣਾ ਵੀ ਦਰੁੱਸਤ ਨਹੀ ਹੈ।ਉਹਨਾਂ ਕਿਹਾ ਕਿ ਇਹਨਾਂ ਦੋਵਾਂ ਗਲਤੀਆਂ ਦੀ ਆਸ਼ੀਸ਼ ਖੇਤਾਨ ਤੇ ਕੇਜਰੀਵਾਲ ਨੇ ਪਹਿਲਾਂ ਅਖਬਾਰਾਂ ਵਿੱਚ ਤੇ ਹੁਣ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਖਿਮਾ ਯਾਚਨਾ ਦੀ ਅਰਦਾਸ ਕਰਕੇ ਮੁਆਫੀ ਮੰਗ ਲਈ ਹੈ ਤੇ ਇਸ ਤੋਂ ਵੱਧ ਕਿਸੇ ਨੂੰ ਹੋਰ ਸਜ਼ਾ ਦੇਣੀ ਮੁਨਾਸਿਬ ਨਹੀ ਹੈ ਤੇ ਇਹ ਮਾਮਲਾ ਹੁਣ ਇਥੇ ਹੀ ਖਤਮ ਕਰ ਦਿੱਤਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਧਾਰਮਿਕ ਮੁੱਦੇ ਤੇ ਕਿਸੇ ਨੂੰ ਵੀ ਸਿਆਸਤ ਕਰਨ ਦਾ ਕੋਈ ਅਧਿਕਾਰ ਨਹੀ ਹੈ ਅਤੇ ਜਿਹੜੀਆਂ ਅਕਾਲੀ ਤੇ ਕਾਂਗਰਸੀ ਧਾਰਮਿਕ ਮੁੱਦਿਆਂ ਨੂੰ ਉਛਾਲ ਕੇ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ ਉਹ ਸਿੱਖ ਪੰਥ ਦੀਆਂ ਹਮਦਰਦ ਨਹੀ ਕਹੀਆਂ ਜਾ ਸਕਦੀਆਂ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਘੇਰਨ ਦੇ ਹੋਰ ਬਹੁਤ ਸਾਰੇ ਸਿਆਸੀ ਮੁੱਦੇ ਹਨ ਜਿਹਨਾਂ ਨੂੰ ਅਧਾਰ ਬਣਾ ਕੇ ਘੇਰਿਆ ਜਾ ਸਕਦਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media