
ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ ਸੱਗੂ) – ਗੁਜਰਾਤ ਵਿੱਚ ਦਲਿਤਾਂ ‘ਤੇ ਤਸ਼ੱਦਦ ਵਿਰੁੱਧ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਮੁਜ਼ਾਹਰੇ ਦੌਰਾਨ ਗੀਰਸੋਮਨਾਥ ਦਲਿਤ ਪਰਿਵਾਰ ‘ਤੇ ਕੀਤੇ ਗਏ ਤਸ਼ੱਦਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਕਸੂਰ ਸੀ ਕਿ ਉਨ੍ਹਾਂ ਮਰੀ ਹੋਈ ਗਾਂ ਦੀ ਚਮੜੀ ਲਾਹੀ ਹੈ।ਔਜਲਾ ਮੁਤਾਬਿਕ ਹਮਲਾਵਾਰਾਂ ਖਿਲਾਫ ਪਰਚਾ ਦਰਜ਼ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਪੀੜਤਾਂ ਨੂੰ ਰਾਹਤ ਦਿਵਾਈ ਜਾਵੇ।ਇਸ ਘਟਨਾ ਤੋੋਂ ਬਾਅਦ ਲਗਭਗ 20 ਦਲਿਤਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਹੈ।ਉਨ੍ਹਾਂ ਦਿੱਲੀ, ਯੂ.ਪੀ ਆਦਿ ਸੂਬਿਆਂ ਵਿੱਚ ਦਲਿਤਾਂ ਦੇ ਕਤਲਾਂ ਨਾਲ ਐਸ.ਸੀ ਵਰਗ ਦੀ ਹਾਲਤ ਤਰਸਯੋਗ ਹੋਈ ਹੈ।ਔਜਲਾ ਨੇ ਦੋਸ਼ ਲਾਇਆ ਕਿ ਕੇਂਦਰ ਵਿੱਚ ਮੋਦੀ ਦੀ ਅਗਵਾਈ ਹੇਠ ਜਦੋ ਦੀ ਸਰਕਾਰ ਬਣੀ ਹੈ, ਇਸ ਨੇ ਦਲਿਤਾਂ, ਪੱਛੜੇ ਵਰਗਾਂ ਅਤੇ ਘੱਟ ਗਿਣਤੀਆਂ ਨੂੰ ਦਬਾਉਣ ਦੀ ਰਾਜਨੀਤੀ ਸ਼ੁਰੂ ਕੀਤੀ ਹੈ।ਇਸ ਕਾਰਨ ਇਹ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ।ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਡਾ. ਅੰਬੇਡਕਰ ਖਿਲਾਫ ਕੀਤੀਆਂ ਟਿੱਪਣੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਕਠਪੁਤਲੀ ਬਣ ਗਈ ਹੈ।ਔਜਲਾ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਆਰ.ਐਸ.ਐਸ, ਅਕਾਲੀ-ਭਾਜਪਾ ਗਠਜੋੜ ਨੂੰ ਸੁਚੇਤ ਕੀਤਾ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਤੋਂ ਪ੍ਰਹੇਜ਼ ਕਰਨ ਨਹੀਂ ਤਾਂ ਇਸ ਦੇ ਸਿੱਟੇ ਬੜੇ ਮਾੜੇ ਨਿਕਲਣਗੇ।
Punjab Post Daily Online Newspaper & Print Media