
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸ਼ੇਨਾ ਅਗਰਵਾਲ ਨੇ ਅੱਜ ਇੱਥੇ ਕਿਹਾ ਕਿ ਅਸਰਦਾਰ ਜਾਗਰੂਕਤਾ ਮੁਹਿੰਮ ਰਾਹੀਂ ਡੇਂਗੂ ਅਤੇ ਮਲੇਰੀਏ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਸ ਮਕਸਦ ਲਈ ਵੱਧ ਤੋਂ ਵੱਧ ਲੋਕਾਂ, ਸਮਾਜਿਕ, ਧਾਰਮਿਕ ਜਥੇਬੰਦੀਆਂ ਅਤੇ ਵਿਦਿਆਰਥੀਆਂ ਦੀ ਸਮੂਲੀਅਤ ਅਤਿ ਜਰੂਰੀ ਹੈ।
ਸਥਾਨਕ ਰੈਡ ਕ੍ਰਾਸ ਭਵਨ ਵਿਚ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚੋਂ ਪਹੁੰਚੇ ਲੜਕੇ, ਲੜਕੀਆਂ, ਜੋ ਰੈਡ ਕਰਾਸ ਵਲੋਂ ਫਸਟ ਏਡ ਦੀ ਟ੍ਰੇਨਿੰਗ ਅਤੇ ਆਰ.ਸੇਟੀ. ਵੱਲੋ ਬਿਊਟੀਸ਼ਿਅਨ ਦੀ ਟ੍ਰੇਨਿੰਗ ਲੈ ਰਹੇ ਹਨ, ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਰੱਖੇ ਜਾਗਰੂਕਤਾ ਕੈਂਪ ਦੌਰਾਨ ਮੈਡਮ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਦਿੱਤੇ ਜਾਂਦੇ ਸੁਝਾਅ ਦੀ ਇੰਨ ਬਿੰਨ ਪਾਲਣਾ ਰਾਹੀਂ ਇਨ੍ਹਾਂ ਦੇ ਫੈਲਾਅ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਅਤੇ ਨੌਜਵਾਨ ਜਾਗਰੂਕਤਾ ਮੁਹਿੰਮ ਵਿਚ ਅਹਿਮ ਰੋਲ ਅਦਾ ਕਰਕੇ ਇਨ੍ਹਾਂ ਬੀਮਾਰੀਆਂ ਸੰਬੰਧੀ ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ।ਉਨ੍ਹਾਂ ਸਰਕਾਰੀ ਦਫਤਰਾਂ ਅਤੇ ਹੋਰਨਾਂ ਥਾਵਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਡਰਾਈ ਡੇ ਰੱਖਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਤਹਿਤ ਕੂਲਰਾਂ, ਵਾਟਰ ਟੈਂਕਾਂ, ਜਨਤਕ ਥਾਵਾਂ ਆਦਿ ਤੋਂ ਇਲਾਵਾ ਟਾਇਰਾਂ, ਗਮਲਿਆਂ ਆਦਿ ਵਿੱਚ ਪਾਣੀ ਜਿਆਦਾ ਦੇਰ ਨਾ ਖੜਾ ਹੋਣ ਦਿੱਤਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਰੱਖਿਆ ਜਾਵੇ।
ਸਿਵਲ ਹਸਪਤਾਲ, ਬਠਿੰਡਾ ਤੋਂ ਪਹੁੰਚੇ ਡੇਂਗੂ ਦੀ ਰੋਕਥਾਮ ਲਈ ਨਾਮਜਦ ਨੋਡਲ ਅਫਸਰ ਡਾ: ਰਾਜਪਾਲ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਦੇ ਲੱਛਣਾਂ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਸਿਵਲ ਹਸਪਤਾਲ ਬਠਿੰਡਾ ਤੋਂ ਚੈਕ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਠਿੰਡਾ ਵਿਚ 24 7 ਹੈਲਪਲਾਈ ਸਥਾਪਿਤ ਕੀਤੀ ਜਾ ਚੁੱਕੀ ਹੈ ਅਤੇ ਵੱਖ ਵੱਖ 25 ਟੀਮਾਂ ਡੇਂਗੂ ਵਿਰੁੱਧ ਜਾਗਰੂਕਤਾ ਫੈਲਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਸਿਵਲ ਹਸਪਤਾਲ ਦੇ ਫੋਨ ਨੰਬਰ 0164-2212501 ਅਤੇ ਉਨ੍ਹਾਂ ਦੇ ਮੋਬਾਇਲ ਨੰਬਰ 94171-59152 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਡੇਂਗੂ ਦੇ ਮਰੀਜਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।ਸਕੱਤਰ ਰੈਡ ਕਰਾਸ ਕਰਨਲ ਵੀਰੇਦਰ ਕੁਮਾਰ (ਰਿਟਾ) ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਸਿਹਤ ਸੰਭਾਲ ਸੰਬੰਧੀ ਪ੍ਰਾਪਤ ਕੀਤੇ ਇਸ ਗਿਆਨ ਨੂੰ ਹੋਰਣਾਂ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ। ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਨੋਜਵਾਨਾਂ ਨੂੰ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਦੇਣ ਤੋ ਇਲਾਵਾ ਸਿਹਤ ਸੰਭਾਲ ਸਬੰਧੀ ਟਿਪਸ ਦਿੱਤੇ। ਉਨ੍ਹਾਂ ਨੋਜਵਾਨਾਂ ਨੂੰ ਲੋੜ ਪੈਣ ਤੇ ਕਿਸੇ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ।
Punjab Post Daily Online Newspaper & Print Media