
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਰਾਮਾਂ ਮੰਡੀ ਇਲਾਕੇ ਵਿੱਚ ਲਗਾਈ ਗਈ ਗੁਰੂ ਗੋਬਿੰਦ ਸਿੰਘ ਤੇਲ ਰਿਫਾਇਨਰੀ ਵਿੱਚੋਂ ਨਿਕਲਦੇ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੀਆਂ ਫਸਲਾਂ ਤੋਂ ਪ੍ਰੇਸ਼ਾਨ ਹੋ ਕੇ ਇਲਾਕੇ ਦੇ ਅੱਧਾ ਦਰਜਨ ਪਿੰਡ ਨੌਰਗ, ਰਾਮਸਰਾ, ਹੱਸੂ, ਤਿਗੜੀ, ਦੇਸੂ ਮਲਕਾਣਾ ਅਤੇ ਕਣਕਵਾਲ ਦੇ ਵਾਸੀਆਂ ਨੇ ਅੱਜ ਰੋਸ ਪ੍ਰਗਟਾਉਂਦਿਆਂ ਰਿਫਾਇਨਰੀ ਗੇਟ ਅੱਗੇ ਧਰਨਾ ਦਿੱਤਾ ਅਤੇ ਰਿਫਾਇਨਰੀ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਨ੍ਹਾਂ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਰਿਫਾਇਨਰੀ ਵਿੱਚੋਂ ਭਾਰੀ ਮਾਤਰਾਂ ਵਿੱਚ ਨਿਕਲ ਰਹੇ ਪ੍ਰਦੂਸ਼ਣ ਕਾਰਨ ਜਿੱਥੇ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਉੱਥੇ ਹੀ ਰਿਫਾਇਨਰੀ ਵਿੱਚੋਂ ਨਿਕਲਣ ਵਾਲੇ ਕਾਲੇ ਧੂੰਏ ਕਾਰਨ ਜਿਆਦਾਤਰ ਫਸਲਾਂ ਝੋਨਾ, ਗੁਆਰਾ, ਨਰਮਾ ਅਤੇ ਸਬਜ਼ੀਆਂ ਦੇ ਨਾਲ ਨਾਲ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪਿੰਡ ਨੌਰੰਗ ਦੇ ਕਿਸਾਨਾਂ ਬਲਦੇਵ ਸਿੰਘ ਪੰਚ ਨੌਰੰਗ, ਸੁਖਪਾਲ ਸਿੰਘ, ਜਲੌਰ ਸਿੰਘ, ਭਿੰਦਰ ਸਿੰਘ, ਪਿੰਡ ਹੱਸੂ ਦੇ ਮੇਜਰ ਸਿੰਘ ਖਾਲਸਾ, ਲਛਮਣ ਸਿੰਘ, ਜਗਤਾਰ ਸਿੰਘ, ਗੁਰਦੀਪ ਗਿੱਲ, ਪਿੰਡ ਤਿੱਗੜੀ ਦੇ ਬਲਵੀਰ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ, ਕੇਵਲ ਸਿੰਘ, ਲਛਮਣ ਸਿੰਘ, ਪਿੰਡ ਕਣਕਵਾਲ ਦੇ ਬੇਅੰਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਪੰਚ, ਜਗਸੀਰ ਸਿੰਘ ਸਿੱਧੂ, ਮੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਪੰਚ, ਪਿੰਡ ਰਾਮਸਰਾ ਦੇ ਅਮਰਜੀਤ ਸਿੰਘ, ਨੱਥਾ ਸਿੰਘ ਸਾਬਕਾ ਸਰਪੰਚ ਰਾਮਸਰਾ, ਗੁਰਮੀਤ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਆਪਣੀਆਂ ਖਰਾਬ ਹੋਈਆਂ ਫਸਲਾਂ ਵਿਖਾਉਂਦਿਆਂ ਦੱਸਿਆ ਕਿ ਰਿਫਾਇਨਰੀ ਦੇ ਪ੍ਰਦੂਸ਼ਣ ਨਾਲ ਫਸਲਾਂ ਇਸ ਤਰ੍ਹਾਂ ਕਾਲੀਆਂ ਹੋ ਜਾਂਦੀਆਂ ਹਨ ਜਿਵੇਂ ਕਿਸੇ ਬੀਮਾਰੀ ਕਾਰਨ ਫਸਲ ਮੱਚ ਜਾਂਦੀ ਹੈ, ਅਤੇ ਇਸ ਤੋਂ ਇਲਾਵਾ ਰਾਤ ਨੂੰ ਪਾਣੀ ਦੇ ਸਰੋਤਾਂ ਵਿੱਚ ਕਾਲਖ ਜੰਮ ਜਾਂਦੀ ਹੈ ਜਿਸ ਨਾਲ ਨਾ ਤਾਂ ਪਾਣੀ ਪੀਣ ਜੋਗਾ ਰਹਿੰਦਾ ਹੈ ਅਤੇ ਨਾਂ ਹੀ ਸਿੰਚਾਈ ਦੇ ਕਾਬਲ ਰਹਿੰਦਾ ਹੈ।ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਊਨ੍ਰਾਂ ਦੇ ਪਿੰਡਾਂ ਦੀਆਂ ਕਰੀਬ 3600 ਏਕੜ ਫਸਲ ਰਿਫਾਇਨਰੀ ਦੇ ਪ੍ਰਦੂਸ਼ਣ ਕਾਰਨ ਖਰਾਬ ਹੋ ਚੁੱਕੀ ਹੈ ਅਤੇ ਪਹਿਲਾਂ ਹੀ ਕੱਖੋਂ ਹੌਲੇ ਹੋ ਚੁੱਕੇ ਕਿਸਾਨ ਹੁਣ ਚਾਰ ਚੁਫੇਰਿਓਂ ਨਿਰਾਸ਼ ਹੋ ਚੁੱਕੇ ਹਨ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਛੱਤਾਂ ‘ਤੇ ਵੀ ਕਾਲਖ ਜੰਮ ਜਾਂਦੀ ਹੈ ਜਿਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਇਲਾਕੇ ਦੇ ਲੋਕ ਭਾਰੀ ਮਾਤਰਾ ਵਿੱਚ ਪ੍ਰਦੂਸ਼ਿਤ ਹਵਾ ਵਿੱਚ ਸਾਂਹ ਲੈਣ ਲਈ ਮਜ਼ਬੂਰ ਹਨ ਜਿਸ ਕਾਰਨ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਿਸਾਨਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪ੍ਰਦੂਸ਼ਣ ਬੋਰਡ ਦੇ ਨੁਮਾਇੰਦੇ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਜਦ ਰਿਫਾਇਨਰੀ ਦੇ ਪ੍ਰਬੰਧਕਾਂ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਦੇ ਦੱਸਣ ਮੁਕਾਬਕ ਖਰਾਬ ਹੋਈਆਂ ਫਸਲਾਂ ਦੇ ਸੈਂਪਲ ਲੈ ਲਏ ਗਏ ਹਨ ਜੋ ਜਾਂਚ ਲਈ ਲੈਬ ਵਿੱਚ ਭੇਜੇ ਜਾਣਗੇ। ਪ੍ਰਬੰਧਕਾਂ ਦੇ ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਤੁਰੰਤ ਧਰਨਾ ਸਮਾਪਤ ਕਰ ਦਿੱਤਾ।
Punjab Post Daily Online Newspaper & Print Media