Monday, August 10, 2026

ਦਿਲਜੀਤ ਸਿੰਘ ਬੇਦੀ ਦੀ ਪੁਸਤਕ ‘ਅਦਬੀ ਮੁਲਾਕਾਤਾਂ’ ਲੋਕ ਅਰਪਣ

PPN0808201606

ਅੰਮ੍ਰਿਤਸਰ, 8 ਅਗਸਤ (ਗੁਰਪ੍ਰੀਤ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਪ੍ਰਸਿੱਧ ਲੇਖਕ ਦਿਲਜੀਤ ਸਿੰਘ ਬੇਦੀ ਦੁਆਰਾ ਵੱਖ-ਵੱਖ ਪੰਜਾਬੀ ਲੇਖਕਾਂ ਤੇ ਕਲਾਕਾਰਾਂ ਨਾਲ ਕੀਤੀਆਂ ਗਈਆਂ ਲੰਮੀਆਂ ਮੁਲਾਕਾਤਾਂ ‘ਤੇ ਆਧਾਰਿਤ ਪੁਸਤਕ ‘ਅਦਬੀ ਮੁਲਾਕਾਤਾਂ’ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਹੋਰਨਾਂ ਵੱਲੋਂ ਸਾਂਝੇ ਤੌਰ ‘ਤੇ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਕੇਵਲ ਧਾਲੀਵਾਲ ਨੇ ਕਿਹਾ ਕਿ ਮੁਲਾਕਾਤ ਵਿਧਾ ਵੇਖਣ ਨੂੰ ਜਿੰਨੀ ਸੌਖੀ ਲੱਗਦੀ ਹੈ, ਨਿਭਾਉਣੀ ਉਤਨੀ ਹੀ ਕਠਿਨ ਹੈ। ਮੁਲਾਕਾਤ ਕਰਨ ਲੱਗਿਆਂ ਉਸ ਵਿਅਕਤੀ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰਨੀ ਅਤਿਅੰਤ ਲਾਜ਼ਮੀ ਹੁੰਦੀ ਹੈ, ਜਿਸ ਨਾਲ ਮੁਲਾਕਾਤ ਕੀਤੀ ਜਾ ਰਹੀ ਹੋਵੇ। ਉਨ੍ਹਾਂ ਦਿਲਜੀਤ ਸਿੰਘ ਬੇਦੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੁਸਤਕ ‘ਅਦਬੀ ਮੁਲਾਕਾਤਾਂ’ ਵਿਚ ਵੱਖ-ਵੱਖ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਮੁਲਾਕਾਤਾਂ ਸੰਗ੍ਰਹਿਤ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੁਸਤਕ ਵਿਚ ਸ਼ਾਮਿਲ ਮੁਲਾਕਾਤਾਂ ਤੋਂ ਨਵੇਂ ਲੇਖਕਾਂ ਨੂੰ ਪ੍ਰੇਰਨਾ ਮਿਲੇਗੀ ਅਤੇ ਉਹ ਇਨ੍ਹਾਂ ਵੱਖ-ਵੱਖ ਸ਼ਖ਼ਸੀਅਤਾਂ ਦੇ ਜੀਵਨ ਅਤੇ ਘਾਲਣਾ ਦਾ ਪ੍ਰਭਾਵ ਜ਼ਰੂਰ ਕਬੂਲਣਗੇ।
ਇਸ ਮੌਕੇ ਹਾਜ਼ਰੀਨ ਨੂੰ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੁਸਤਕ ਵਿਚ ਸ਼ਾਮਲ ਵੱਖ-ਵੱਖ ਅਦਬੀ ਸ਼ਖ਼ਸੀਅਤਾਂ ਨਾਲ ਕੀਤੀਆਂ ਮੁਲਾਕਾਤਾਂ ਲੰਮੇ ਸਮੇਂ ਦੀ ਮਿਹਨਤ ਦਾ ਸਿੱਟਾ ਹਨ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਨਾਵਲਕਾਰ ਜੋਗਿੰਦਰ ਸਿੰਘ ਕੈਰੋਂ, ਕਹਾਣੀਕਾਰ ਵਰਿਆਮ ਸਿੰਘ ਸੰਧੂ, ਕਹਾਣੀਕਾਰ ਤਲਵਿੰਦਰ, ਸ਼ਾਇਰ ਪ੍ਰਮਿੰਦਰਜੀਤ, ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ, ਨਾਟਕਕਾਰ ਕੇਵਲ ਧਾਲੀਵਾਲ ਤੇ ਜਤਿੰਦਰ ਸਿੰਘ ਬਰਾੜ, ਅਲੋਚਕ ਡਾ. ਤੇਜਵੰਤ ਸਿੰਘ ਮਾਨ, ਓਮ ਪ੍ਰਕਾਸ਼ ਗਾਸੋ, ਸੁਲੱਖਣ ਸਰਹੱਦੀ ਦੀਆਂ ਮੁਲਾਕਾਤਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਨ੍ਹਾਂ ਅਫਸੋਸ ਨਾਲ ਕਿਹਾ ਕਿ ਬੇਸ਼ਕ ਇਨ੍ਹਾਂ ਮੁਲਾਕਾਤਾਂ ਵਿਚਲੇ ਦੋ ਸੱਜਣ ਤਲਵਿੰਦਰ ਅਤੇ ਪ੍ਰਮਿੰਦਰਜੀਤ ਇਸ ਦੁਨੀਆਂ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਲਿਖੇ ਸ਼ਬਦਾਂ ਦੀ ਲੋਅ ਪਾਠਕਾਂ ਦਾ ਮਨ ਹਮੇਸ਼ਾ ਰੁਸ਼ਨਾਉਂਦੀ ਰਹੇਗੀ।
ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਸਕੱਤਰ ਜਗਦੀਸ਼ ਸਚਦੇਵਾ, ਅਮਰੀਕ ਸਿੰਘ ਬੰਮਰਾ, ਸ਼ਾਇਰ ਮਲਵਿੰਦਰ, ਦੀਪ ਦਵਿੰਦਰ ਸਿੰਘ, ਅਮਰਜੀਤ ਸਿੰਘ ਭਾਟੀਆ, ਸਰਬਜੀਤ ਸਿੰਘ ਸੰਧੂ, ਜਸਵੰਤ ਸਿੰਘ ਜੱਸ, ਮਨਮੋਹਨ ਸਿੰਘ ਢਿੱਲੋਂ, ਹਰਭਜਨ ਸਿੰਘ ਖੇਮਕਰਨੀ, ਇੰਦਰਜੀਤ ਸਿੰਘ ਸਹਾਰਨਪੁਰੀ ਆਦਿ ਲੇਖਕ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply