ਨਵੀਂ ਦਿੱਲੀ, 16 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਘਿਰਾਉ ਕਰਦੇ ਹੋਏ 17 ਅਗਸਤ ਨੂੰ ਪੁੱਤਲਾ ਸਾੜਿਆ ਜਾਵੇਗਾ। ਇਸ ਗੱਲ ਦਾ ਐਲਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੀਤਾ।ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿੱਖਾਂ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਅਤੇ 2 ਤਕਨੀਕੀ ਅਦਾਰਿਆਂ ਨੂੰ ਇਸ ਵਰ੍ਹੇ ਦਾਖਿਲੇ ਲਈ ਸੀਟਾਂ ਨਾ ਅਲਾਟ ਕਰਨ ਨੂੰ ਜੀ.ਕੇ. ਨੇ ਪ੍ਰਦਰਸ਼ਨ ਦਾ ਮੁੱਢਲਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਕਮੇਟੀ ਨੇ ਦਿੱਲੀ ਸਰਕਾਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮਹਿਰੌਲੀ ਵਿਖੇ ਪਾਰਕ ਵਿਚ ਲਗਾਉਣ ਦੀ ਮਨਜੂਰੀ ਮੰਗੀ ਸੀ ਤਾਂ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਇੱਕ ਅੰਤ੍ਰਿਮ ਆਦੇਸ਼ ਦਾ ਹਵਾਲਾ ਦੇ ਕੇ ਬਾਬਾ ਜੀ ਦੇ ਬੁੱਤ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਦਕਿ ਸਿਆਸੀ ਫਾਇਦੇ ਲਈ 13 ਅਗਸਤ ਨੂੰ ਦਿੱਲੀ ਦੇ ਪਹਿਲੇ ਮੁਖਮੰਤਰੀ ਚੌਧਰੀ ਬ੍ਰਹਮ ਪ੍ਰਕਾਸ਼ ਦੇ ਪਿੰਡ ਖੇੜਾ ਡਾਬਰ ਦੇ ਇੱਕ ਹਸਪਤਾਲ ਵਿਖੇ ਲਗੇ ਬੁੱਤ ਦੀ ਖੁਦ ਘੁੰਡ-ਚੁਕਾਈ ਕੇਜਰੀਵਾਲ ਨੇ ਕਰ ਦਿੱਤੀ। ਜੀ.ਕੇ. ਨੇ ਦਸਿਆ ਕਿ ਇੱਕ ਪਾਸੇ ਦਿੱਲੀ ਸਰਕਾਰ ਦੀ ਆਈ.ਪੀ. ਯੂਨੀਵਰਸਿਟੀ ਨੇ ਖਾਮੀ ਭਰਪੂਰ 34 ਵਿਦਿਅਕ ਅਦਾਰਿਆਂ ਨੂੰ ਇਸ ਵਰ੍ਹੇ ਦਾਖਿਲੇ ਕਰਨ ਦੀ ਮਨਜੂਰੀ ਦੇ ਦਿੱਤੀ ਪਰ ਸਾਡੇ 2 ਤਕਨੀਕੀ ਅਦਾਰਿਆਂ ਵਿਚ ਮਾਮੂਲੀ ਖਾਮੀ ਹੋਣ ਦੇ ਬਾਵਜੂਦ ਦਾਖਿਲਾ ਨਹੀਂ ਕਰਨ ਦਿੱਤਾ ਗਿਆ। ਜੀ.ਕੇ. ਨੇ ਕੇਜਰੀਵਾਲ ਦੀ ਨੀਤੀ ਅਤੇ ਨੀਯਤ ਨੂੰ ਸਿੱਖਾਂ ਦੇ ਹੱਕਾਂ ਤੇ ਡਾਕੇ ਮਾਰਨ ਦੇ ਬਰਾਬਰ ਦੱਸਿਆ। ਜੀ.ਕੇ. ਨੇ ਕਿਹਾ ਕਿ ਜਦੋਂ ਕੇਜਰੀਵਾਲ ਨੇ ਬੁੱਤ ਦੀ ਮਨਜੂਰੀ ਨਾ ਦੇਣ ਦੇ ਪਿੱਛੇ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੱਤਾ ਸੀ ਤਾਂ ਅਸੀਂ ਕਿਸੇ ਗੱਲ ਦਾ ਵਿਰੋਧ ਨਹੀਂ ਕੀਤਾ ਸੀ ਪਰ ਉਸਤੋਂ ਬਾਅਦ ਵਿਧਾਨਸਭਾ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੇ ਹੁਣ ਚੌਧਰੀ ਬ੍ਰਹਮ ਪ੍ਰਕਾਸ਼ ਦਾ ਬੁੱਤ ਲਗਾਉਣਾ ਸਿੱਧਾ ਸਿੱਧਾ ਸਿੱਖ ਜਰਨੈਲ ਦਾ ਅਪਮਾਨ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਖ ਜਰਨੈਲ ਦੇ ਬੁੱਤ ਨੂੰ ਮਨਜੂਰੀ ਦੇਣਾ ਜੇਕਰ ਅਦਾਲਤ ਦੀ ਹੁਕਮ ਅਦੂਲੀ ਸੀ ਤੇ ਬਾਕੀ ਬੁੱਤਾਂ ਨੂੰ ਮਨਜੂਰੀ ਦੇਣਾ ਅਦਾਲਤ ਦੀ ਹੁਕਮ ਅਦੂਲੀ ਕਿਊਂ ਨਹੀਂ ਹੈ ? ਜੀ.ਕੇ. ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਦਾਲਤ ਦੀ ਹੁਕਮ ਅਦੂਲੀ ਦੀ ਵੀ ਕੇਜਰੀਵਾਲ ਦੇ ਖਿਲਾਫ਼ ਪਟੀਸ਼ਨ ਦਾਇਰ ਕਰਾਂਗੇ ਪਰ ਇਸਦੇ ਨਾਲ ਹੀ ਸਿਆਸੀ ਲੜਾਈ ਨੂੰ ਸੜਕ ਤੋਂ ਸੰਸਦ ਤਕ ਲੜਾਂਗੇ। ਕੇਜਰੀਵਾਲ ਦੀ ਸਿੱਖਿਆ ਨੀਤੀ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਜੀ.ਕੇ. ਨੇ ਲਗਾਤਾਰ ਦਿੱਲੀ ਸਰਕਾਰ ਵੱਲੋਂ ਸਿੱਖ ਬੱਚਿਆਂ ਦੀ ਉਚ ਵਿਦਿਆ ਦੇ ਰਾਹ ਵਿਚ ਖੜੇ ਕੀਤੇ ਜਾ ਰਹੇ ਅੜਕਿਆਂ ਨੂੰ ਸਿੱਖਾਂ ਖਿਲਾਫ਼ ਵੱਡੀ ਸਾਜਿਸ਼ ਦੱਸਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media