ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖਰ, ਪ੍ਰਸਿੱਧ ਗ਼ਲਪਕਾਰ ਅਤੇ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਸ੍ਰ ਗੁਰਦਿਆਲ ਸਿੰਘ ਦੇ ਦੇਹਾਂਤ ਤੇ ਲੇਖਕ ਭਾਈਚਾਰੇ ਅਤੇ ਪੰਜਾਬੀ ਜੁਬਾਨ ਨਾਲ ਮੋਹ ਰੱਖਣ ਵਾਲਿਆ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ। ਸ੍ਰ. ਗੁਰਦਿਆਲ ਸਿੰਘ ਹੋਰਾਂ ਲੰਮਾ ਸਮਾਂ ਆਪਣੀ ਸਾਫ ਸੁਥਰੀ ਅਤੇ ਪੁਖਤਗੀ ਲੇਖਣੀ ਕਰਕੇ ਪਾਠਕਾਂ ਅਤੇ ਲੇਖਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਡਾ. ਪਰਮਿੰਦਰ ਸਿੰਘ ਆਦਿ ਲੇਖਕਾਂ ਵਲੋਂ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਸ੍ਰ. ਗੁਰਦਿਆਲ ਸਿੰਘ ਨੇ ਕਿਰਤੀ ਪਰਿਵਾਰ ਵਿੱਚ ਜਨਮ ਲੈ ਕੇ ਜਿਥੇ ਹੱਥੀ ਕਿਰਤ ਵੀ ਕੀਤੀ ਉਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਦਿਆਂ ਆਪਣੇ ਬਲ-ਬੁਤੇ ‘ਤੇ ਉਚੇਰੀ ਸਿੱਖਿਆ ਹਾਸਲ ਕਰਕੇ ਅਧਿਆਪਨ ਦੇ ਕਿੱਤੇ ਤੱਕ ਪਹੁੰਚੇ। ਉਹ ਆਪਣੇ ਨਾਵਲ ਅਤੇ ਕਥਾ ਕਹਾਣੀਆਂ ਰਾਹੀਂ ਪੰਜਾਬ ਦੀ ਟੁੱਟ ਰਹੀ ਕਿਰਸਾਨੀ ਦੀ ਹਾਲਤ ਅਤੇ ਨਿਮਨ ਵਰਗ ਦੀ ਆਰਥਿਕ ਦੁਸ਼ਵਾਰੀਆਂ ਨੂੰ ਬਾਖੂਬੀ ਪੇਸ਼ ਕਰਦੇ ਹਨ। ਉਹ ਮਨੁੱਖੀ ਰਿਸ਼ਤਿਆਂ ਦੀ ਟੁੱਟ ਭੱਜ, ਲੋੜਾਂ ਥੋੜਾਂ ਤਲਾਸ਼ਦੇ ਮਨੁੱਖ ਦੀ ਹੋਣੀ ਨੂੰ ਨੇੜਿਓਂ ਫੜ੍ਹਦਾ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਸ਼ਾਹਕਾਰ ਰਚਨਾਵਾਂ ਪ੍ਰਾਈਮਰੀ ਸਿੱਖਿਆ ਤੋਂ ਲੈ ਕੇ ਉਚੇਰੇ ਸਿੱਖਿਆ ਤੱਕ ਸਕੂਲ ਕਾਲਜਾਂ ਦੇ ਪਾਠ-ਕਰਮ ਦਾ ਹਿੱਸਾ ਹਨ।
ਉਹਨਾਂ ਦੇ ਬਹੁ-ਚਰਚਿਤ ਨਾਵਲ ‘ਮੜ੍ਹੀ ਦਾ ਦੀਵਾ’, ‘ਅੱਧ ਚਾਨਣੀ ਰਾਤ’ ਅਤੇ ‘ਅੰਨ੍ਹੇ ਘੋੜੇ ਦਾ ਦਾਨ’ ਉਪਰ ਬਹੁ-ਭਾਸ਼ਾਈ ਫਿਲਮਾਂ ਵੀ ਬਣੀਆਂ ਹਨ। ‘ਸੱਗੀ ਫੁੱਲ’, ‘ਪਹੁ ਫੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਉਪਰਾ ਘਰ’, ‘ਬੈਗਾਨਾ ਪਿੰਡ’ ਅਤੇ ‘ਪੱਕਾ ਟਿਕਾਣਾ’ ਕਹਾਣੀ ਸੰਗ੍ਰਹਿ ਤੋਂ ਇਲਾਵਾ ਨਾਵਲ ਵਾਰਤਿਕ ਅਤੇ ਬਾਲ ਸਾਹਿਤ ਵਿੱਚ ਵੀ ਸਿਰਜਨਾ ਕੀਤੀ। ਉਹਨਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਹਿਤਕ ਪੁਸਤਕਾਂ ਦਾ ਮਾਤ ਭਾਸ਼ਾ ਵਿੱਚ ਅਨੁਵਾਦ ਕਰਕੇ ਪੰਜਾਬੀ ਸਾਹਿਤ ਵਿੱਚ ਜਿਕਰਯੋਗ ਕੰਮ ਕੀਤਾ ਹੈ।
ਉਹਨਾਂ ਦੇ ਬੇਵਕਤੀ ਤੁਰ ਜਾਣ ‘ਤੇ ਸ੍ਰ. ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਭੁਪਿੰਦਰ ਸੰਧੂ, ਨਿਰਮਲ ਅਰਪਣ, ਅਰਤਿੰਦਰ ਸੰਧੂ, ਮਨਮੋਹਨ ਸਿੰਘ ਢਿੱਲੋਂ, ਡਾ. ਦਰਿਆ, ਜਸਵੰਤ ਸਿੰਘ ਜੱਸ, ਡਾ. ਖਾਹਰਾ, ਡਾ. ਕੈਰੋਂ, ਮਲਵਿੰਦਰ ਸੁਮੀਤ ਸਿੰਘ, ਧਰਮਿੰਦਰ ਔਲਖ, ਡਾ. ਕਸ਼ਮੀਰ, ਹਜ਼ਾਰਾ ਸਿੰਘ ਚੀਮਾ, ਡਾ. ਇਕਬਾਲ ਕੌਰ ਸੌਂਧ, ਡਾ. ਬਲਜੀਤ ਰਿਆੜ, ਪ੍ਰੋ: ਮੋਹਨ ਸਿੰਘ, ਜਸਬੀਰ ਸਿੰਘ ਸੱਗੂ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਜਸਬੀਰ ਝਬਾਲ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਸ਼ੈਲਇੰਦਰਜੀਤ ਰਾਜਨ, ਦਲਜੀਤ ਬੇਦੀ, ਜਗਤਾਰ ਗਿੱਲ ਅਤੇ ਗੁਰਬਾਜ ਸਿੰਘ ਤੋਲਾਨੰਗਲ ਤੋਂ ਇਲਾਵਾ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media