Thursday, February 26, 2026

ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ

PPN1708201516

ਅੰਮ੍ਰਿਤਸਰ, 17 ਅਗਸਤ (ਜਗਦੀਪ ਸਿੰਘ ਸੱਗੂ) – ਜਿਨ੍ਹਾਂ ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਸਾਨੂੰ ਸਾਰਿਆਂ, ਖਾਸ ਕਰਕੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਸਾਡਾ ਭਾਰਤ ਦੁਨੀਆ ਵਿਚ ਸਿਰਮੌਰ ਬਣ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ, ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨ ਵਿਚ ਕੀਤਾ।
ਸ਼ਹੀਦ ਢੀਂਗਰਾ ਦੀ ਮਹਾਨ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਭਾਰਤ ਮਾਂ ਦੇ ਮਹਾਨ ਸਪੂਤ ਸ੍ਰੀ ਮਦਨ ਲਾਲ ਢੀਂਗਰਾ ਨੇ ਅੰਗਰੇਜ਼ਾਂ ਦੀ ਧਰਤੀ ‘ਤੇ ਜਾ ਕੇ ਗੋਰਿਆਂ ਨੂੰ ਲਲਕਾਰਿਆ ਅਤੇ ਉਨ੍ਹਾਂ ਵੱਲੋਂ ਭਾਰਤੀਆਂ ‘ਤੇ ਕੀਤੇ ਜਾਂਦੇ ਜ਼ੁਲਮਾਂ ਦਾ ਬਦਲਾ ਲੈਂਦੇ ਹੋਏ ਅੰਗਰੇਜ਼ ਅਧਿਕਾਰੀ ਕਰਜ਼ਨ ਵਾਇਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਧਨਾਢ ਪਰਿਵਾਰ ਨਾਲ ਸਬੰਧਤ ਮਦਨ ਲਾਲ ਢੀਂਗਰਾ ਨੇ ਭਰ ਜਵਾਨੀ ਦੀ ਉਮਰ ਵਿਚ ਭਾਰਤ ਲਈ ਐਸ਼ੋਆਰਾਮ ਦੀ ਜ਼ਿੰਦਗੀ ਨੂੰ ਠੋਕਰ ਮਾਰ ਦਿੱਤੀ ਅਤੇ ਭਾਰਤ ਮਾਤਾ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਖਾਤਰ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਅਤੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਅੱਜ ਭਾਰਤ ਦੀ ਅਗਵਾਈ ਸ੍ਰੀ ਨਰਿੰਦਰ ਮੋਦੀ ਵਰਗਾ ਦੂਰਅੰਦੇਸ਼ ਅਤੇ ਦੇਸ਼ ਭਗਤ ਕਰ ਰਿਹਾ ਹੈ, ਜਿਸ ਨੇ ਭਾਰਤ ਦਾ ਝੰਡਾ ਦੁਨੀਆ ਵਿਚ ਮੁੜ ਬੁਲੰਦ ਕੀਤਾ ਹੈ ਅਤੇ ਜਲਦ ਹੀ ਭਾਰਤ ਮੁੜ ਸੋਨੇ ਦੀ ਚਿੜੀ ਅਤੇ ਵਿਸ਼ਵ ਗੁਰੂ ਬਣ ਕੇ ਦੁਨੀਆ ਦੀ ਅਗਵਾਈ ਕਰੇਗਾ। ਉਨ੍ਹਾਂ ਇਸ ਮੌਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਨ ਦੇਸ਼ ਭਗਤ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਹੈ।
ਇਸ ਤੋਂ ਪਹਿਲਾਂ ਸ੍ਰੀ ਅਨਿਲ ਜੋਸ਼ੀ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ ‘ਤੇ ਫੁੱਲ ਭੇਟ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦੀ ਸਮਾਗਮ ਦੌਰਾਨ ਭਾਸ਼ਾ ਕਮਿਸ਼ਨ ਦੇ ਮੈਂਬਰ ਅਤੇ ਸ਼੍ਰੋਮਣੀ ਹਿੰਦੀ ਸਾਹਿਤਕਾਰ ਪ੍ਰੋ. ਹਰਮਿੰਦਰ ਸਿੰਘ ਬੇਦੀ ਅਤੇ ਸ਼ਹੀਦ ਮਦਨ ਲਾਲ ਢੀਂਗਰਾ ‘ਤੇ ਖੋਜ ਕਰਨ ਵਾਲੇ ਪ੍ਰੋ. ਵਿਸ਼ਵਬੰਧੂ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਜੀਵਨੀ ਅਤੇ ਸ਼ਹਾਦਤ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਤੋਂ ਸਬਕ ਲੈਂਦੇ ਹੋਏ ਸੱਚੇ ਦੇਸ਼ ਭਗਤ ਬਣਨ। ਸਮਾਗਮ ਦੇ ਸ਼ੁਰੂ ਵਿਚ ਸ਼ਹੀਦ ਦੇ ਜੀਵਨ ਨਾਲ ਸਬੰਧਤ ਇਕ ਦਸਤਾਵੇਜ਼ੀ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ।ਅਨੀਤਾ ਦੇਵਗਨ ਦੇ ‘ਦ ਥੀਏਟਰ ਪਰਸਨ’ ਗਰੁੱਪ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਦਰਸਾਉਂਦੇ ਨਾਟਕ ‘ਬਲੀਦਾਨ’ ਦਾ ਬਾਖੂਬੀ ਮੰਚਨ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਬਦ, ਕੋਰੀਓਗ੍ਰਾਫੀਆਂ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਸਮਾਗਮ ਦੇ ਅੰਤ ਵਿਚ ਸ੍ਰੀ ਅਨਿਲ ਜੋਸ਼ੀ ਨੇ ਹਾਜ਼ਰ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਮਾਗਮ ਵਿੱਚ ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਅਤੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਤਜਿੰਦਰ ਪਾਲ ਸਿੰਘ ਸੰਧੂ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਏ.ਡੀ.ਸੀ.ਪੀ ਗੌਰਵ ਗਰਗ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਗਦੀਸ਼ ਸਿੰਘ, ਕੌਂਸਲਰ ਸ੍ਰੀ ਬਲਦੇਵ ਰਾਜ ਬੱਗਾ, ਪ੍ਰਿਤਪਾਲ ਸਿੰਘ ਫ਼ੌਜੀ, ਸ੍ਰੀਮਤੀ ਕੁਲਵੰਤ ਕੌਰ, ਡਾ. ਸੁਭਾਸ਼ ਪੱਪੂ, ਮਾਨਵ ਤਨੇਜਾ, ਸ੍ਰੀ ਅਨੁਜ ਸਿੱਕਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply