Saturday, March 21, 2026

ਪੰਜਾਬ ਸਰਕਾਰ ਵੱਲੋਂ ‘ਕਿਸਾਨ ਸੁਵਿਧਾ’ ਮੋਬਾਇਲ ਐਪ ਦਾ ਆਗਾਜ਼

PPN2508201603ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਕਿਸਾਨਾਂ ਨੂੰ ਨਵੀਨ ਖੇਤੀ ਤਕਨੀਕਾਂ ਬਾਰੇ ਪੁਖਤਾ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿੱਚ ‘ਕਿਸਾਨ ਸੁਵਿਧਾ’ ਮੋਬਾਇਲ ਐਪ ਤਿਆਰ ਕੀਤੀ ਗਈ ਹੈ, ਜਿਸਦਾ ਅਗਾਜ਼ ਬੀਤੇ ਦਿਨੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਸਾਨ ਸੁਵਿਧਾ ਮੋਬਾਇਲ ਐਪ ਸ਼ੁਰੂ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਘਰ ਬੈਠੇ ਹੀ ਮਿਲ ਸਕੇਗੀ। ਜਥੇਦਾਰ ਸੇਖਵਾਂ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਦੇ ਯੁੱਗ ਕੋਈ ਵੀ ਖੇਤਰ ਅਣਭਿੱਜ ਨਹੀਂ ਰਹਿ ਸਕਦਾ ਅਤੇ ਖੇਤੀਬਾੜੀ ਨੂੰ ਨਵਾਂ ਮੁਹਾਂਦਰਾ ਦੇਣ ਲਈ ਹਰੇਕ ਕਿਸਾਨ ਵੱਲੋਂ ਤਕਨਾਲੋਜੀ ਨੂੰ ਅਪਨਾਉਣਾ ਚਾਹੀਦਾ ਤਾਂ ਕਿ ਆਲਮੀ ਪੱਧਰ ‘ਤੇ ਹੋ ਰਹੀਆਂ ਨਵੀਂਆਂ ਖੋਜਾਂ ਤੇ ਮੌਸਮੀ ਤਬਦੀਲੀਆਂ ਮੁਤਾਬਕ ਖੇਤੀ ਨੂੰ ਮੋੜਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਮੋਬਾਇਲ ਐਪ ਤਿਆਰ ਹੋਣ ਨਾਲ ਹੁਣ ਕੋਈ ਵੀ ਕਿਸਾਨ ਇਸ ਦੇ ਲਾਭ ਤੋਂ ਵਾਂਝਾ ਨਹੀਂ ਰਹੇਗਾ।
ਜਥੇਦਾਰ ਸੇਖਵਾਂ ਨੇ ਦੱਸਿਆ ਕਿ ਸੂਬੇ ਦੇ ਕਿਸਾਨ ਇਸ ਐਪ ਦੀ ਵਰਤੋਂ ਰਾਹੀਂ ਆਉਣ ਵਾਲੇ ਪੰਜ ਦਿਨਾਂ ਦੇ ਮੌਸਮ ਦੇ ਹਾਲ ਬਾਰੇ ਸੂਚਨਾ ਜਿਸ ਵਿੱਚ ਰੋਜ਼ਾਨਾ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ, ਹਵਾ ਵਿਚ ਨਮੀ ਦੀ ਮਾਤਰਾ, ਹਵਾ ਦੀ ਗਤੀ ਅਤੇ ਵਰਖਾ ਦੀ ਮਾਤਰਾ ਬਾਰੇ ਅਨੁਮਾਨ ਤਾਪਮਾਨ ਜਿਸ ਨਾਲ ਕਿਸਾਨ ਆਪਣੀਆਂ ਫਸਲਾਂ ਦੀ ਬਿਜਾਈ, ਸਿੰਚਾਈ ਬਾਰੇ ਫੈਸਲਾ ਲੈ ਸਕਣ ਦੇ ਸਮਰੱਥ ਹੋਣਗੇ। ਇਸੇ ਤਰ੍ਹਾਂ ਆਸ-ਪਾਸ ਦੀਆਂ ਮੰਡੀਆਂ ਵਿੱਚ ਵੱਖ ਵੱਖ ਜਿਣਸਾਂ ਦੇ ਭਾਅ ਬਾਰੇ ਜਾਣਕਾਰੀ ਜਿਸ ਨਾਲ ਕਿਸਾਨ ਆਪਣੇ ਉਤਪਾਦਨ ਨੂੰ ਵੇਚਣ ਬਾਰੇ ਸਹੀ ਫੈਸਲਾ ਲੈ ਕੇ ਵੱਧ ਆਮਦਨ ਲੈ ਸਕਦਾ ਹੈ। ਇਸ ਐਪ ਰਾਹੀਂ ਖੇਤੀ ਮਾਹਿਰਾਂ ਵੱਲੋਂ ਫਸਲ ਪਾਲਣ ਦੇ ਸਬੰਧ ਵਿੱਚ ਜਾਰੀ ਸਲਾਹ ਦਾ ਲਾਭ ਵੀ ਕਿਸਾਨ ਪ੍ਰਾਪਤ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਤੋਂ ਫਸਲ ਨੂੰ ਬਚਾਉਣ ਲਈ ਸੰਯੁਕਤ ਕੀਟ ਪ੍ਰਬੰਧਨ ਬਾਰੇ ਸਮੁੱਚੀ ਜਾਣਕਾਰੀ ਵੀ ਇਸ ਐਪ ‘ਤੇ ਉਪਲਬਧ ਹੋਵੇਗੀ ਜਿਸ ਨਾਲ ਕਿਸਾਨ ਆਪਣੀ ਫਸਲ ‘ਤੇ ਲੋੜ ਅਨੁਸਾਰ ਸਪਰੇਅ ਕਰਨ ਜਾਂ ਹੋਰ ਤਰੀਕਿਆਂ ਨਾਲ ਕੰਟਰੋਲ ਕਰਨ ਬਾਰੇ ਸੂਚਨਾ ਲੈ ਸਕੇਗਾ ਅਤੇ ਇਸ ਨਾਲ ਉਸ ਦਾ ਕੀਟਨਾਸ਼ਕਾਂ ‘ਤੇ ਆਉਣ ਵਾਲਾ ਖਰਚ ਵੀ ਘਟੇਗਾ। ਵੱਖ-ਵੱਖ ਫਸਲਾਂ ਬਾਰੇ ਮੁਕੰਮਲ ਜਾਣਕਾਰੀ ਜਿਵੇਂ ਕਿ ਸਿਫਾਰਸ਼ ਕੀਤੀਆਂ ਕਿਸਮਾਂ, ਬਿਜਾਈ ਦਾ ਸਮਾਂ, ਨਦੀਨਾਂ ਦੀ ਪਛਾਣ ਅਤੇ ਰੋਕਥਾਮ ਬਾਰੇ ਉਨ੍ਹਾਂ ਦੀਆਂ ਤਸਵੀਰਾਂ ਰਾਹੀ ਵੀ ਜਾਣਕਾਰੀ ਐਪ ‘ਤੇ ਉਪਲਬਧ ਹੋਵੇਗੀ। ਇਸ ਐਪ ‘ਤੇ ਸਾਰੀਆਂ ਫਸਲਾਂ ਦੀਆਂ ਹਰੇਕ ਪੱਧਰ ਦੀਆਂ ਤਸਵੀਰਾਂ ਉਪਲਬਧ ਹੋਣਗੀਆਂ ਤਾਂ ਜੋ ਪਛਾਣ ਕਰਕੇ ਫਸਲ ਪਾਲਣ ਬਾਰੇ ਕਾਰਵਾਈ ਕਰਨ ਬਾਰੇ ਸਹੀ ਫੈਸਲਾ ਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਐਪ ‘ਤੇ ਖੇਤੀ ਨਾਲ ਜੁੜੇ ਡੀਲਰਾਂ ਬਾਰੇ ਜਾਣਕਾਰੀ ਵੀ ਉਪਲਬਧ ਕਰਵਾਈ ਗਈ ਹੈ ਅਤੇ ਕਿਸਾਨ ਆਪਣੇ ਏਰੀਏ ਦੇ ਡੀਲਰ ਬਾਰੇ ਸੂਚਨਾ ਵੇਖ ਸਕਦੇ ਹਨ। ਇਸ ਐਪ ਜ਼ਰੀਏ ਕਿਸਾਨ ਵੀਰ ਕਿਸਾਨ ਕਾਲ ਸੈਂਟਰ ਦੇ ਨੰਬਰ 1800-180-1551 ‘ਤੇ ਕਾਲ ਕਰਕੇ ਖੇਤੀ ਮਾਹਿਰ ਦੀ ਸਲਾਹ ਲੈ ਕੇ ਆਪਣੀ ਮੁਸ਼ਕਲ ਹੱਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਇਸ ਐਪ ਰਾਹੀਂ ਕਿਸਾਨਾਂ ਨੂੰ ਭੂਮੀ ਪਰਖ ਦੀਆਂ ਰਿਪੋਰਟਾਂ ਵੀ ਮੁਹੱਈਆਂ ਕਰਵਾਉਣ ਦੀ ਯੋਜਨਾ ਬਣਾਈ ਗਈ ਤਾਂ ਜੋ ਕਿਸਾਨ ਉਸ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਆਪਣੀ ਪੈਦਾਵਾਰ ਵਧਾ ਸਕੇ ਅਤੇ ਖੇਤੀ ਖਰਚੇ ਘਟਾ ਦੇ ਆਮਦਨ ਵਿਚ ਵਾਧਾ ਕਰ ਸਕੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply