ਡਾ. ਨਿੱਜਰ ਨੇ ਆਪਣੇ ਹਲਕੇ ਦੀਆਂ ਵੱਖ ਵੱਖ ਸਮਸਿਆਵਾਂ ਨੂੰ ਚੁੱਕਿਆ

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ)- ਇਕ ਪਾਸੇ ਸਰਕਾਰ ਗੁਰੂ ਕੀ ਨਗਰੀ ਨੂੰ ਸਾਫ ਅਤੇ ਸੁੰਦਰ ਬਨਾਉਣ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਸਰੇ ਪਾਸੇ ਪੂਰੇ ਸ਼ਹਿਰ ਦਾ ਕੂੜਾ ਕਰਕਟ ਸ਼ਹਿਰ ਦੇ ਅੰਦਰ ਹੀ ਪਾ ਕੇ ਇਸਦੀ ਪਵਿੱਤਰਤਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਹ ਖੁਲਾਸਾ ਅੱਜ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਡਾ. ਨਿੱਜਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਵੇਖਿਆ ਜਾਵੇ ਤਾਂ ਭਗਤਾਂਵਾਲਾ ਡੰਪ ਸ਼ਹਿਰ ਤੋਂ ਦੂਰ ਹੋਣਾ ਚਾਹੀਦਾ ਹੈ ਅਤੇ ਸਾਲਿਡ ਵੇਸਟ ਪਲਾਂਟ ਵੀ ਉਥੇ ਲਗਣਾ ਚਾਹੀਦਾ ਹੈ ਨਾ ਕਿ ਸ਼ਹਿਰ ਦੇ ਅੰਦਰ ਇਸਨੂੰ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਡਾ. ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਹਲਕੇ ਦੀਆਂ ਪ੍ਰਮੁੱਖ ਸਮਸਿਆਵਾਂ ਦੇ ਬਾਰੇ ਦੱਸਿਆ ਕਿ ਜੋ ਕਿ ਕਈ ਸਾਲਾਂ ਤੋਂ ਲਗਾਤਾਰ ਚਲੀਆਂ ਆ ਰਹੀਆਂ ਹਨ ਪਰ ਉਥੇ ਸਿਰਫ ਸਿਆਸਤ ਤੋਂ ਇਲਾਵਾ ਕੁਝ ਵੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਦੇ ਭਗਤਾਂਵਾਲਾ ਖੇਤਰ ਵਿੱਚ ਡੰਪ ਅੱਜ ਤੋਂ ਲਗਭਗ 36 ਸਾਲ ਪਹਿਲਾਂ ਝੱਬਾਲ ਰੋਡ ਤੋਂ ਹਟਾ ਕੇ ਉਥੇ ਉਸਨੂੰ ਦਿਹਾਤੀ ਖੇਤਰ ਦੱਸਦਿਆਂ ਸ਼ਿਫਟ ਕੀਤਾ ਗਿਆ ਸੀ ਜੋ ਕਿ ਉਸ ਸਮੇਂ ਵੀ ਨਿਯਮਾਂ ਦੇ ਉਲਟ ਸੀ ਅਤੇ ਅੱਜ ਵੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਡੰਪ ਦੇ ਮੁੱਦੇ ‘ਤੇ ਪਿਛਲੇ ਲਗਭਗ ਇਕ ਡੇਢ ਸਾਲ ਤੋਂ ਹੀ ਸਿਆਸਤ ਸ਼ੁਰੂ ਹੋਈ ਅਤੇ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਇਸਦੇ ਖਿਲਾਫ ਆਵਾਜ ਚੁੱਕੀ ਜਾ ਰਹੀ ਹੈ ਜਦਕਿ ਉਹ ਪਿਛਲੇ ਦਸ ਸਾਲ ਤੋਂ ਲਗਾਤਰ ਉਸ ਹਲਕੇ ਦੇ ਵਿਧਾਇਕ ਹਨ ਅਤੇ ਉਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਕਿਉਂ ਨਹੀਂ ਆਇਆ। ਡਾ. ਨਿੱਜਰ ਨੇ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦੇ ਹਲਕੇ ਵਿੱਚ ਡੇਅਰੀ ਉਦਯੋਗਪਤੀਆਂ ਦੀ ਸਮਸਿਆ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਸ਼ਹਿਰ ਤੋਂ ਬਾਹਰ 65 ਏਕੜ ਜਗ੍ਹਾ ਤਾਂ ਪਸ਼ੂਆਂ ਲਈ ਉਪਲਬਧ ਕਰਵਾਈ ਗਈ ਹੈ ਪਰ ਉਥੋਂ ਦਾ ਕੱਚਾ ਰਸਤਾ ਛੱਪੜ ਵਿੱਚ ਤਬਦੀਲ ਹੋਣ ਦੇ ਕਾਰਨ ਉਨ੍ਹਾਂ ਦਾ ਉਥੇ ਪੁੱਜਣਾ ਮੁਸ਼ਕਲ ਹੈ। ਇਸੇ ਤਰ੍ਹਾਂ ਹਲਕੇ ਵਿੱਚ ਸਥਿਤ ਗਿਆਨ ਆਸ਼ਰਮ ਸਕੂਲ ‘ਤੇ ਵੀ ਸਿਆਸਤ ਚਲ ਰਹੀ ਹੈ ਜਿਸਦੇ ਚਲਦੇ ਉਥੋਂ ਦਾ ਸਟਾਫ ਅਤੇ ਬੱਚੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਸਾਡੇ ਆਗੂਆਂ ਨੂੰ ਲੋਕਾਂ ਦੀ ਸਮਸਿਆ ਤੋਂ ਕੁਝ ਲੈਣਾ ਦੇਣਾ ਨਹੀਂ ਉਨ੍ਹਾਂ ਦੀ ਨਜ਼ਰ ਸਿਰਫ ਸਕੂਲ ਦੀ ਕਰੋੜਾਂ ਦੀ ਜਾਇਦਾਦ ‘ਤੇ ਹੈ ਜਿਸਨੂੰ ਉਹ ਸਕੂਲ ਬੰਦ ਕਰਵਾ ਕੇ ਹਥਿਆਉਣਾ ਚਾਹੁੰਦੇ ਹਨ ਪਰ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਵੇਗੀ। ਡਾ. ਨਿੱਜਰ ਨੇ ਦੱਸਿਆ ਕਿ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਅਤੇ ਟੈਕਸਾਂ ਦੀ ਮਾਰ ਦੇ ਕਾਰਨ ਇਸ ਹਲਕੇ ਵਿੱਚ ਚਲ ਰਹੀ ਸਮਾਲ ਸਕੇਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਇਸਦੇ ਕਾਫੀ ਹੱਦ ਤਕ ਬੰਦ ਹੋਣ ਨਾਲ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਹੈ ਅਤੇ ਨੌਜਵਾਨ ਪੀੜੀ ਨਸ਼ਿਆਂ ਅਤੇ ਜੁਰਮਾਂ ਵਿੱਚ ਸ਼ਾਮਲ ਹੋ ਰਹੀ ਹੈ। ਡਾ. ਨਿੱਜਰ ਨੇ ਕਿਹਾ ਕਿ ਜੇਕਰ ਜਨਤਾ ਨੇ ਆਪ ਨੂੰ ਇਥੋਂ ਕਾਮਯਾਬ ਕੀਤਾ ਤਾਂ ਉਹ ਸਭ ਤੋਂ ਪਹਿਲਾਂ ਇਲਾਕੇ ਦੀਆਂ ਇੰਨ੍ਹਾਂ ਮੁੱਖ ਸਮਸਿਆਵਾਂ ਦਾ ਹੱਲ ਕੱਢਣਗੇ ਇੰਨਾ ਹੀ ਨਹੀਂ ਰੇਲਵੇ ਕ੍ਰਾਸਿੰਗ ਇਸ ਵਾਰ ਰਸਤੇ ਦੀ ਸਮਸਿਆ ਨੂੰ ਵੀ ਹਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਡੰਪ ਦੇ ਮੁੱਦੇ ‘ਤੇ ਕਿਸੇ ਤਰ੍ਹਾਂ ਦੀ ਸਿਆਸਤ ਦੇ ਹੱਕ ਵਿੱਚ ਨਹੀਂ ਹਨ ਪਰ ਨਿਯਮਾਂ ਅਨੁਸਾਰ ਅਤੇ ਗੁਰੂ ਕੀ ਨਗਰੀ ਦੀ ਪਵਿੱਤਰਤਾ ਅਤੇ ਸ਼੍ਰੀ ਹਰਿਮੰਦਰ ਸਾਹਿਬ ਜਿਹੇ ਧਾਰਮਿਕ ਅਸਥਾਨ ਦੀ ਡੰਪ ਤੋਂ ਦੂਰੀ ਨੂੰ ਧਿਆਨ ਵਿੱਚ ਰਖਦਿਆਂ ਇਸਨੂੰ ਇਥੋਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਡਾਕਟਰ ਹੋਣ ਦੇ ਨਾਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖ ਕੇ ਆਪਣੇ ਹਲਕੇ ਵਿੱਚ ਬੂਟੇ ਲਗਾਉਣ ਅਤੇ ਸਫਾਈ ਮੁਹਿੰਮ ਚਲਾਉਣਗੇ ਅਤੇ ਉਨ੍ਹਾਂ ਨੂੰ ਆਪਣੇ ਘਰ ਤੋਂ ਇਲਾਵਾ ਆਸਪਾਸ ਦੇ ਵਾਤਾਵਰਨ ਨੂੰ ਸਾਫ ਰਖਣ ਲਈ ਜਾਗਰੂਕ ਕਰਨਗੇ।
ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ‘ਆਪ’ ਕਿਸੇ ਦਾ ਲਿਹਾਜ ਨਹੀਂ ਕਰਦੀ। ਇਹ ਗੱਲ ਅੱਜ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਦੇ ਅੰਮ੍ਰਿਤਸਰ ਆਬਜ਼ਰਵਰ ਰਾਹੁਲ ਸ਼ੁਕਲਾ ਨੇ ‘ਆਪ’ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਬਰਖਾਸਤਗੀ ਦੇ ਮਾਮਲੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਭਾਵੇਂ ਦਿੱਲੀ ਹੋਵੇ ਜਾਂ ਪੰਜਾਬ ਪਾਰਟੀ ਦੇ ਨਿਯਮ ਹਰ ਜਗ੍ਹਾ ਇੱਕ ਹੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ‘ਤੇ ਟਿਕਟਾਂ ਦੀ ਵੰਡ ਦੇ ਮੁੱਦੇ ‘ਤੇ ਜਦ ਪੈਸਿਆਂ ਦੀ ਲੈਣ ਦੇਣ ਬਾਰੇ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਆਇਆ ਤਾਂ ਉਸਨੂੰ ਤੁਰੰਤ ਪਾਰਟੀ ਵੱਲੋਂ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ ਅਤੇ ਜਲਦ ਹੀ ਇਸਦੀ ਰਿਪੋਰਟ ਆਉਣ ‘ਤੇ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮੇਂ ਪੰਜਾਬ ਵਿੱਚ ਚੋਣਾਂ ਦਾ ਸਮਾਂ ਹੈ ਪਰ ਪਾਰਟੀ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੀ ਅਤੇ ਇਸ ਨਾਜੁਕ ਮੋੜ ‘ਤੇ ਛੋਟੇਪੁਰ ਦਾ ਹਟਾਉਣਾ ਕੋਈ ਸਮਝੌਤਾ ਨਾ ਕਰਨ ਦਾ ਸੰਕੇਤ ਹੈ। ਇਸ ਮੌਕੇ ਪ੍ਰੈਸ ਕਾਨਫੰਰਸ ਵਿੱਚ ਮੀਡੀਆ ਇੰਚਾਰਜ ਗੁਰਭੇਜ ਸਿੰਘ , ਵਿਭਵ ਸਿਨਹਾ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਜਗਦੇਵ ਸਿੰਘ, ਹਰਵਿੰਦਰ ਸਿੰਘ, ਨਵਜੋਤ ਸਿੰਘ, ਸਤਪਾਲ ਸੋਖੀ, ਪ੍ਰੋ.ਐਚ.ਐਸ. ਵਾਲੀਆ, ਨਿਸ਼ਾਨ ਸਿੰਘ ਵੀ ਮੌਜੂਦ ਸਨ।
Punjab Post Daily Online Newspaper & Print Media