Sunday, March 22, 2026

ਬਠਿੰਡਾ ਵਿਚ ਭਿਆਨਕ ਮੀਂਹ ਨਾਲ ਮਕਾਨ ਤੇ ਦੁਕਾਨਾਂ ਡੁੱਬੀਆਂ

PPN2808201607PPN2808201608

ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਬਾਅਦ ਦੁਪਹਿਰ ਤੇਜ ਵਰਖ਼ਾ ਸ਼ੁਰੂ ਹੋਈ ਜੋ ਕਿ ਇਸ ਸਾਲ ਬਰਸਾਤ ਦੇ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਜਿਆਦਾ ਭਿਆਨਕ ਵਰਖ਼ਾ ਹੈ, ਜੋ ਕਿ ਪਿਛਲੇ 2 ਘੰਟਿਆਂ ਤੋਂ ਵੱਧ ਜਾਰੀ ਰਹੀ।
ਗੁੂਸਲੇਧਾਰ ਵਰਖ਼ਾ ਕਾਰਨ ਬਠਿੰਡਾ ਸ਼ਹਿਰ ਵਿਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਚੁੱਕੀ ਹੈ, ਇਥੋਂ ਤੱਕ ਡਿਪਟੀ ਕਮਿਸ਼ਨਰ, ਸੀਨੀਅਰ ਕਪਤਾਨ ਪੁਲਿਸ ਦੀਆਂ ਕੋਠੀਆਂ, ਮਿੰਨੀ ਸਕੱਤਰੇਤ, ਮਹਿਲਾ ਥਾਣਾ, ਇੰਸਪੈਕਟਰ ਜਰਨਲ ਆਫ਼ ਪੁਲਿਸ ਦਾ ਦਫ਼ਤਰ ਅੱਗੇ 4-4 ਫੁੱਟ ਪਾਣੀ ਜਮ੍ਹਾ ਹੋ ਗਿਆ। ਪਾਵਰ ਹਾਊਸ ਰੋਡ ਵੱਡੀ ਗਿਣਤੀ ਵਾਹਨ ਰੁਕੇ ਪਏ ਹਨ,ਬੱਸ ਸਟੈਂਡ, ਸ਼ਿਰਕੀ ਬਜ਼ਾਰ ਦੀ ਸਥਿੱਤੀ ਸਭ ਤੋਂ ਭਿਆਨਕ ਹੈ, ਇਥੇ 5 ਫੁੱਟ ਡੂੰਘਾ ਪਾਣੀ ਜਮ੍ਹਾ ਹੋ ਗਿਆ ਹੈ, ਪਾਣੀ ਸੈਂਕੜੇ ਦੁਕਾਨਾਂ ਮਕਾਨਾਂ ਵਿਚ ਦਾਖ਼ਲ ਹੋ ਗਿਆ ਹੈ। ਪਰਸਰਾਮ ਨਗਰ ਦੇ ਮੁੱਖ ਬਜ਼ਾਰ ਵਿਚ ਟ੍ਰੈਫ਼ਿਕ ਬੰਦ ਹੋ ਗਈ, ਇਥੇ ਵੀ ਸੈਂਕੜੇ ਮਕਾਨਾਂ ਦੁਕਾਨਾਂ ਵਿਚ ਪਾਣੀ ਮੀਂਹ ਕਾਰਨ ਅਦਾਲਤਾਂ ਦੀ ਕਾਰਵਾਈ ਵਿਚ ਬੁਰੀ ਤਰ੍ਹਾਂ ਵਿਘਨ ਪਿਆ। ਗੁਰੂ ਨਾਨਕ ਪੁਰਾ, ਅਮਰਪੁਰਾ ਬਸਤੀ, ਪੁਰਾਣਾ ਥਾਣਾ, ਨਵੀਂ ਬਸਤੀ, ਅਜੀਤ ਰੋਡ, ਅਮਰੀਕ ਸਿੰਘ ਰੋਡ, ਮਾਲ ਰੋਡ, ਧੋਬੀਆਣਾ ਬਸਤੀ, 100 ਫੁੱਟ ਰੋਡ, ਬੱਸ ਸਟੈਂਡ, ਹਾਜੀ ਰਤਨ ਰੋਡ ਚੌਂਕ, ਮਾਨਸਾ-ਡੱਬਵਾਲੀ ਉਵਰ ਬ੍ਰਿਜ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਭਾਰੀ ਵਰਖਾ ਕਾਰਨ ਬਜ਼ਾਰਾਂ ਵਿਚ ਛਨਾਟਾ ਛਾ ਗਿਆ।
ਪਰਸ ਰਾਮ ਜ਼ਮੀਨ ਦੋਜ ਪੁਲ, ਮਾਨਸਾ ਰੋਡ ‘ਤੇ ਜ਼ਮੀਨ ਦੋਜ਼ ਪੁਲ ਹੇਠ ਪਾਣੀ ਖੜਨ ਨਾਲ ਟ੍ਰੈਫ਼ਿਕ ਜਾਮ ਹੋ ਗਈ। ਅਨਾਜ ਮੰਡੀ ਵਿਚ ਹਰ ਪਾਸੇ ਪਾਣੀ ਭਰ ਗਿਆ ਹੈ। ਬਿਜਲੀ ਸਪਲਾਈ ਫੇਲ੍ਹ ਹੋਣ ਕਰਕੇ ਮੀਂਹ ਦੇ ਪਾਣੀ ਦੀ ਡਿਸਪੋਜਲ ਰੁਕਾਵਟ ਪਈ ਹੈ।ਸ਼ਹਿਰ ਦਾ ਅਜਿਹੀ ਸੜਕ, ਗਲੀ ਜਾਂ ਮੁਹੱਲਾ ਨਹੀਂ ਹੈ, ਜਿਥੇ ਮੀਂਹ ਦੇ ਪਾਣੀ ਨੇ ਮਾਰ ਨਾ ਕੀਤੀ ਹੋਵੇ।
ਬਰਸਾਤੀ ਨਾਲਾ ਵੀ ਓਵਰ ਫਲੋਅ ਚੱਲ ਰਿਹਾ ਹੈ, ਇਸ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਨਗਰ ਨਿਗਮ, ਸੀਵਰੇਜ ਬੋਰਡ, ਦੇ ਅਧਿਕਾਰੀਆਂ ਨੇ ਨਾਜ਼ੁੁਕ ਥਾਵਾਂ ਦਾ ਮੌਕਾ ਦੇਖਿਆ ਹੈ। ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਭਾਰੀ ਵਰਖਾ ਕਾਰਨ ਸਥਿੱਤੀ ਕਾਫ਼ੀ ਗੰਭੀਰ ਹੈ, ਮੀਂਹ ਦੇ ਪਾਣੀ ਦੀ ਡਿਸਪੋਜਲ ਲਈ ਜਨਰੇਟਰ ਚਲਾਏ ਗਏ ਹਨ ਅਤੇ ਬਿਜਲੀ ਨਿਗਮ ਨੂੰ ਬਿਜਲੀ ਸਪਲਾਈ ਕਰਨ ਲਈ ਕਿਹਾ ਗਿਆ ਹੈ।ਵਰਖਾ ਦਾ ਪ੍ਰਕੋਪ ਜਾਰੀ ਹੈ। ਮਹਿਣਾ  ਚੌਂਕ ਨਜਦੀਕ ਮਕਾਨ ਡਿੱਗਣ ਨਾਲ ਇਕ ਬੱਚੇ ਦੀ ਮੌਤ ਦੀ ਖਬਰ ਹੈ। ਜ਼ਿਲ੍ਹੇ ਦੇ ਹੋਰ ਹਿੱਸਿਆ ਵਿਚ ਭਾਰੀ ਵਰਖਾ ਹੋਣ ਦੀ ਰਿਪੋਰਟ ਹੈ, ਵਰਖਾ ਕਾਰਨ ਅੱਧੇ ਤੋਂ ਵੱਧ ਬਠਿੰਡਾ ਸ਼ਹਿਰ ਵਿਚ ਹੜ੍ਹਾਂ ਵਰਗੀ ਹਾਲਤ ਪੈਦਾ ਹੋ ਗਈ ਹੈ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply