
ਭਿਖੀਵਿੰਡ, 7 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਇਥੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਸ਼ਹੀਦ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਗੁਰੂ ਘਰ ਦੇ ਉਘੇ ਕੀਰਤਨੀ ਜਥਿਆਂ ਨੇ ਸ਼ਬਦ ਕੀਰਤਨ ਦੀ ਛਹਿਬਰ ਲਾਈ।ਉਪਰੰਤ ਖੁੱਲੇ ਪੰਡਾਲ ਵਿੱਚ ਸਜਾਏ ਗਏ ਵਿਸ਼ਾਲ ਦੀਵਾਨ ਵਿੱਚ ਢਾਡੀ ਤੇ ਕਵੀਸ਼ਰੀ ਜਥਿਆਂ ਅਤੇ ਕਥਾ ਵਾਚਕਾਂ ਨੇ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਪ੍ਰਸੰਗ ਅਤੇ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਵਿੱਚ ਸੀਨੀਅਰ ਅਕਾਲੀ ਆਗੂ ਤੇ ਹਲਕਾ ਖੇਮਕਰਨ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਣ ਲਈ ਪੇ੍ਰਰਿਤ ਕਰਦਿਆਂ ਕਿਹਾ ਕਿ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਘੜ ਦਾ ਸਿਰ ਲਾਹ ਕੇ ਸਿੱਖ ਪੰਥ ਦੀ ਆਨ ਤੇ ਸ਼ਾਨ ਵਧਾਈ ਸੀ।
ਸਮਾਗਮ ਦੌਰਾਨ ਬਾਬਾ ਸੁਰਜੀਤ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਨੇ ਹਜਾਰਾਂ ਦੀ ਗਿਣਤੀ ‘ਚ ਪੁਜੀਆਂ ਸੰਗਤਾਂ ਨੂੰ ਪ੍ਰੇਰਨਾ ਕੀਤੀ ਕਿ ਉਹ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਬਾਣੀ ਤੇ ਬਾਣੇ ਦੇ ਧਾਰਣੀ ਹੋਣ।ਦੀਵਾਨ ਤੋਂ ਬਾਅਦ ਕਬੱਡੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਕਬੱਡੀ ਕਲੱਬਾਂ ਦਰਮਿਆਨ ਫੱਸਵੇਂ ਮੁਕਾਬਲੇ ਹੋਏ ਅਤੇ ਜੇਤੂ ਟੀਮਾਂ ਨੂੰ ਬਾਬਾ ਸੁਰਜੀਤ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਚਾਹ ਅਤੇ ਬੇਅੰਤ ਪਦਾਰਥਾਂ ਦੇ ਗੁਰੂ ਕੇ ਲੰਗਰ ਵਰਤਾਏ ਗਏ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media