
ਮਜੀਠਾ, 8 ਸਤੰਬਰ (ਪ.ਪ)- ਮਜੀਠਾ ਵਿਖੇ ਸੰਗਤ ਦਰਸ਼ਨ ਦੌਰਾਨ ਹਲਕੇ ਦੇ 15 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 3.5 ਕਰੋੜ ਰੁਪੈ ਦੀ ਗਰਾਂਟ ਵੰਡਣ ਆਏ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹਾ ਹੈ, ਉਸ ਨੇ ਪੰਜਾਬੀਆਂ ਲਈ ਹੋਰ ਨਿਯਮ ਅਤੇ ਗੈਰ ਪੰਜਾਬੀਆਂ ਲਈ ਹੋਰ ਨਿਯਮ ਬਣਾਏ ਹੋਏ ਹਨ।ਕੇਜਰੀਵਾਲ ਦੀ ਪੰਜਾਬੀਆਂ ਨਾਲ ਨਫ਼ਰਤ ਦਾ ਹੀ ਸਬੂਤ ਹੈ ਕਿ ਉਸ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਵਰਤ ਕੇ ਪਾਰਟੀ ਵਿੱਚੋਂ ਮੱਖੀ ਵਾਂਗ ਕਢਦਿਤਾ ਜਦ ਕਿ ਸੰਜੈ ਸਿੰਘ ਤੇ ਦੁਰਗੇਸ਼ ਵਰਗੇ ਹੋਰ ਆਗੂ ਜਿਨ੍ਹਾਂ ‘ਤੇ ਔਰਤਾਂ ਦੇ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ।ਉਹਨਾਂ ਵਿਰੁੱਧ ਕੇਜਰੀਵਾਲ ਇਸ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ ਕਿ ਕਿਉਂਕਿ ਉਹ ਉਸ ਦੇ ਚਹੇਤੇ ਤੇ ਗੈਰ ਪੰਜਾਬੀ ਹਨ। ਉਹਨਾਂ ਕਿਹਾ ਕਿ ਕਈ ਆਪ ਵਿਧਾਇਕ ਤਾਂ ਰਾਸ਼ਨ ਕਾਰਡ ਬਣਾਉਣ ਆਈ ਜ਼ਰੂਰਤਮੰਦ ਔਰਤਾਂ ਦਾ ਵੀ ਸ਼ੋਸ਼ਣ ਕਰਨ ਤੋਂ ਬਾਜ ਨਹੀਂ ਆਏ।ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬੀ ਰਾਜ ਦੇ ਸਮੁੱਚੇ ਵਿਕਾਸ ਅਤੇ ਭਾਈਚਾਰਕ ਸਾਂਝ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਸਾਥ ਦੇਣਗੇ ਅਤੇ ਲਗਾਤਾਰ ਤੀਸਰੀ ਵਾਰ ਗੱਠਜੋੜ ਦੀ ਸਰਕਾਰ ਬਣਾਉਣਗੇ।
ਸ. ਮਜੀਠੀਆ ਨੇ ਗਰਾਂਟ ਲੈਣ ਆਈਆਂ ਪੰਚਾਇਤਾਂ ਨੂੰ ਮੁਖ਼ਾਤਬ ਹੁੰਦੇ ਕਿਹਾ ਕਿ ਉਸ ਨੇ ਮਜੀਠਾ ਹਲਕੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਅੱਜ ਹਰੇਕ ਡੇਰੇ ਨੂੰ ਪੱਕੀਆਂ ਸੜਕਾਂ, 24 ਘੰਟੇ ਬਿਜਲੀ, ਪਿੰਡਾਂ ਵਿੱਚ ਕੰਕਰੀਟ ਦੀਆਂ ਗਲੀਆਂ, ਸੋਲਰ ਲਾਈਟਾਂ, ਸ਼ਹਿਰਾਂ ਦੇ ਸੁੰਦਰ ਬਾਜ਼ਾਰ ਅਤੇ ਪੀਣ ਵਾਲੇ ਪਾਣੀ ਦੀ ਬਿਹਤਰ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਰਹਿੰਦੇ ਵਿਕਾਸ ਕੰਮ, ਜਿੰਨਾ ਵਾਸਤੇ ਬਕਾਇਦਾ ਗਰਾਂਟ ਜਾਰੀ ਹੋ ਚੁੱਕੀਆਂ ਹਨ, ਨੂੰ ਜਲਦੀ ਪੂਰੇ ਕਰਵਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਸੰਤੋਖ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਹਰਵਿੰਦਰ ਸਿੰਘ ਕੋਟਲਾ, ਬੱਬੀ ਭੰਗਵਾਂ, ਪ੍ਰਭਦਿਆਲ ਪੰਨਵਾਂ, ਸਰਪੰਚ ਮਨਪ੍ਰੀਤ ਸਿੰਘ ਉਪਲ, ਦੁਰਗਾ ਦਾਸ, ਚੀਫ ਜਗਜੀਤ ਸਿੰਘ ਸੁਚੂ, ਐਸ ਸੀ ਪ੍ਰਭਦੀਪ ਸੈਣੀ, ਐਕਸੀਅਨ ਮਨਿੰਦਰ ਪਾਲ ਸਿੰਘ, ਐਸ ਐਚ ਓ ਇੰਦਰਜੀਤ ਸਿੰਘ, ਚੇਅਰਮੈਨ ਅਮਨਦੀਪ ਗਿੱਲ, ਕੁਲਵਿੰਦਰ ਸਿੰਘ ਧਾਰੀਵਾਲ ਸਮੇਤ ਬਹੁਤ ਸਾਰੇ ਪਿੰਡਾਂ ਦੇ ਪੰਚ , ਸਰਪੰਚ ਸਾਹਿਬਾਨ ਅਤੇ ਆਗੂ ਹਾਜ਼ਰ ਸਨ।
Punjab Post Daily Online Newspaper & Print Media